ਪਰਾਲੀ ਸਾੜਨ ਤੋਂ ਰੋਕਣ ਲਈ ਹਿਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਸੰਗਰੂਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਨੋਟਿਸ ਜਾਰੀ
ਚੰਡੀਗੜ੍ਹ, 12 ਨਵੰਬਰ,ਬੋਲੇ ਪੰਜਾਬ ਬਿਊਰੋ :
ਕੌਮੀ ਰਾਜਧਾਨੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਲਈ ਕਮਿਸ਼ਨ (ਸੀ.ਏ.ਕਿਊ.ਐਮ.) ਨੇ ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕਣ ਅਤੇ ਕੰਟਰੋਲ ਕਰਨ ਦੇ ਉਦੇਸ਼ ਨਾਲ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਲਈ ਸੰਗਰੂਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਸਰਤਾਜ ਸਿੰਘ ਚਾਹਲ ਨੂੰ ਨੋਟਿਸ ਜਾਰੀ ਕੀਤਾ ਹੈ।
9 ਨਵੰਬਰ, 2024 ਨੂੰ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਝੋਨੇ ਦੀ ਪਰਾਲੀ ਸਾੜਨ ਨੂੰ ਖਤਮ ਕਰਨ ਲਈ ਕਾਨੂੰਨੀ ਹਦਾਇਤਾਂ ਦੇ ਬਾਵਜੂਦ ਸੰਗਰੂਰ ’ਚ 1 ਤੋਂ 8 ਨਵੰਬਰ, 2024 ਤਕ 702 ਘਟਨਾਵਾਂ ਸਾਹਮਣੇ ਆਈਆਂ। ਇਹ ਗਿਣਤੀ ਝੋਨੇ ਦੀ ਵਾਢੀ ਦੇ ਚੱਲ ਰਹੇ ਸੀਜ਼ਨ ’ਚ ਪਰਾਲੀ ਨੂੰ ਅੱਗ ਲਾਉਣ ਦੀ ਕੁਲ ਗਿਣਤੀ ਦਾ 66.9٪ ਬਣਦੀ ਹੈ, ਜੋ ਹੁਕਮਾਂ ਦੀ ਵੱਡੀ ਉਲੰਘਣਾ ਦਾ ਸੰਕੇਤ ਦਿੰਦੀ ਹੈ।
ਸੀ.ਏ.ਕਿਊ.ਐਮ. ਦੇ ਨੋਟਿਸ ’ਚ ਹੁਕਮਾਂ ਦੀ ਪਾਲਣਾ ਨਾ ਕਰਨ ਅਤੇ ਉਲੰਘਣਾ ਕਰਨ ਲਈ ਚਾਹਲ ਤੋਂ 14 ਨਵੰਬਰ, 2024 ਤਕ ਸਪੱਸ਼ਟੀਕਰਨ ਮੰਗਿਆ ਗਿਆ ਹੈ। ਸੰਤੁਸ਼ਟੀਜਨਕ ਸਪਸ਼ਟੀਕਰਨ ਪ੍ਰਦਾਨ ਕਰਨ ’ਚ ਅਸਫਲ ਰਹਿਣ ਦੇ ਨਤੀਜੇ ਵਜੋਂ ਸੀ.ਏ.ਕਿਊ.ਐਮ. ਐਕਟ ਦੀ ਧਾਰਾ 14 ਦੇ ਤਹਿਤ ਨਿਰਧਾਰਤ ਦੰਡਾਤਮਕ ਕਾਰਵਾਈ ਹੋ ਸਕਦੀ ਹੈ, ਜਿਸ ’ਚ ਕੈਦ ਜਾਂ ਭਾਰੀ ਜੁਰਮਾਨਾ ਸ਼ਾਮਲ ਹੈ।