ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 11 ਸ਼ੱਕੀ ਅਤਿਵਾਦੀ ਮਾਰੇ ਗਏ, ਦੋ ਜਵਾਨ ਵੀ ਜ਼ਖਮੀ
ਇੰਫਾਲ, 12 ਨਵੰਬਰ,ਬੋਲੇ ਪੰਜਾਬ ਬਿਊਰੋ :
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 11 ਸ਼ੱਕੀ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਇਹ ਮੁਕਾਬਲਾ ਬੋਰੋਬੇਕਾਰਾ ਸਬ-ਡਵੀਜ਼ਨ ਦੇ ਜਕੁਰਾਡੋਰ ਕਰੋਂਗ ’ਚ ਹੋਇਆ, ਜਿਸ ’ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਦੋ ਜਵਾਨ ਵੀ ਜ਼ਖਮੀ ਹੋ ਗਏ।
ਉਨ੍ਹਾਂ ਕਿਹਾ ਕਿ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਕੁੱਝ ਘਰਾਂ ’ਤੇ ਹਮਲਾ ਕੀਤਾ, ਕਈ ਦੁਕਾਨਾਂ ਨੂੰ ਅੱਗ ਲਾ ਦਿਤੀ ਅਤੇ ਜ਼ਕੁਰਾਡੋਰ ਕਰੋਂਗ ’ਚ ਸੀ.ਆਰ.ਪੀ.ਐਫ. ਕੈਂਪ ’ਤੇ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ।
ਅਧਿਕਾਰੀਆਂ ਨੇ ਦਸਿਆ ਕਿ ਪੰਜ ਨਾਗਰਿਕ ਅਜੇ ਵੀ ਲਾਪਤਾ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਭੱਜ ਰਹੇ ਅਤਿਵਾਦੀਆਂ ਨੇ ਅਗਵਾ ਕੀਤਾ ਸੀ ਜਾਂ ਹਮਲਾ ਸ਼ੁਰੂ ਹੋਣ ਤੋਂ ਬਾਅਦ ਪਨਾਹ ਲਈ ਸੀ। ਮੁਕਾਬਲੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬੋਰੋਬੇਕਾਰਾ ਥਾਣੇ ਲਿਆਂਦਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸੀ.ਆਰ.ਪੀ.ਐਫ. ਦੇ ਜ਼ਖਮੀ ਜਵਾਨਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।