ਸ਼ਾਹਰੁਖ ਖਾਨ ਨੂੰ ਧਮਕੀਆਂ ਦੇਣ ਵਾਲਾ ਵਿਅਕਤੀ ਛੱਤੀਸਗੜ੍ਹ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ, 12 ਨਵੰਬਰ,ਬੋਲੇ ਪੰਜਾਬ ਬਿਊਰੋ ;
ਸ਼ਾਹਰੁਖ ਖਾਨ ਨੂੰ ਇਕ ਵਿਅਕਤੀ ਵੱਲੋਂ ਧਮਕੀ ਦੇਣ ਦਾ ਮਾਮਲਾ 7 ਨਵੰਬਰ ਨੂੰ ਸਾਹਮਣੇ ਆਇਆ ਸੀ। ਹੁਣ ਇਸ ਮੁਲਜ਼ਮ ਨੂੰ ਮੁੰਬਈ ਪੁਲਿਸ ਨੇ ਛੱਤੀਸਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੁਣ ਇਸ ਮਾਮਲੇ ‘ਤੇ ਮੁੰਬਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਸ਼ਾਹਰੁਖ ਨੂੰ ਧਮਕੀ ਦੇਣ ਵਾਲੇ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕੀ-ਕੀ ਦੱਸਿਆ ਹੈ, ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।5 ਨਵੰਬਰ ਨੂੰ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ‘ਤੇ ਇਕ ਫੋਨ ਆਇਆ, ਜਿਸ ‘ਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਇਲਾਵਾ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ਫੋਨ ਕਾਲ ਤੋਂ ਤੁਰੰਤ ਬਾਅਦ ਮੁੰਬਈ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਅਤੇ ਮੁਲਜ਼ਮ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ।
ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਫੋਨ ਛੱਤੀਸਗੜ੍ਹ ਦੇ ਰਾਏਪੁਰ ਦੇ ਰਹਿਣ ਵਾਲੇ ਫੈਜ਼ਾਨ ਨਾਂ ਦੇ ਵਿਅਕਤੀ ਦਾ ਸੀ, ਜਿਸ ਨੂੰ ਹੁਣ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਫੋਨ 2 ਨਵੰਬਰ ਨੂੰ ਗੁੰਮ ਹੋ ਗਿਆ ਸੀ, ਜਿਸ ਸਬੰਧੀ ਉਸ ਨੇ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਸ ਨੂੰ ਨਹੀਂ ਪਤਾ ਕਿ ਅਜਿਹੀ ਧਮਕੀ ਕਿਸ ਨੇ ਦਿੱਤੀ ਹੈ।