ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਕੱਢੀ ਰੈਲੀ
ਬਰਨਾਲਾ 10 ਨਵੰਬਰ ,ਬੋਲੇ ਪੰਜਾਬ ਬਿਊਰੋ ;
ਬਰਨਾਲਾ, ਪੰਜਾਬ ਵਿੱਚ ਐਤਵਾਰ ਨੂੰ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਆਪਣੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਦੀ ਮੰਗ ਨੂੰ ਲੈ ਕੇ ਬਰਨਾਲਾ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹਿਰ ਵਿੱਚ ਇਨਸਾਫ਼ ਰੈਲੀ ਕੱਢੀ। ਇਸ ਤੋਂ ਇਲਾਵਾ ਐਤਵਾਰ ਨੂੰ ਹੀ ਕੋਰੋਨਾ ਵਲੰਟੀਅਰਾਂ ਨੇ ਵੀ ਐਮਪੀ ਦੇ ਬਾਹਰ ਪ੍ਰਦਰਸ਼ਨ ਕੀਤਾ।ਸੰਸਦ ਮੈਂਬਰ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਪ੍ਰੋਫੈਸਰ ਰਵਿੰਦਰ ਸਿੰਘ, ਧਰਮਜੀਤ ਮਾਨ, ਗੁਲਸ਼ਨਦੀਪ ਅਤੇ ਸੁਨੀਤਾ ਰਾਣੀ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਗੈਸਟ ਫੈਕਲਟੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ।ਉਨ੍ਹਾਂ ਮਾੜੇ ਸਮੇਂ ਵਿੱਚ ਸਰਕਾਰੀ ਕਾਲਜਾਂ ਵਿੱਚ ਮਾਮੂਲੀ ਤਨਖ਼ਾਹਾਂ ’ਤੇ ਕੰਮ ਕੀਤਾ ਪਰ ਸਰਕਾਰ ਨੇ ਸਾਡੇ ਕੰਮ ਦੀ ਕੋਈ ਕਦਰ ਨਹੀਂ ਕੀਤੀ। ਅੱਧੇ ਤੋਂ ਵੱਧ ਸਮਾਂ ਸਰਕਾਰੀ ਕਾਲਜਾਂ ਵਿੱਚ ਰਹਿਣ ਤੋਂ ਬਾਅਦ ਵੀ ਉਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਨਹੀਂ ਹਨ। ਜਿਸ ਕਾਰਨ ਉਹ ਅੱਜ ਬਰਨਾਲਾ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਇਨਸਾਫ਼ ਰੈਲੀ ਕਰ ਰਹੇ ਹਨ। ਇਸ ਰੈਲੀ ਰਾਹੀਂ ਉਹ ਆਪਣੇ ਹੱਕਾਂ ਅਤੇ ਮੰਗਾਂ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਸਵਾਲ ਕਰ ਰਹੇ ਹਨ।