ਪੰਜਾਬ ‘ਚ ਡਬਲ ਸ਼ਿਫ਼ਟ ਸਕੂਲਾਂ ਵਿੱਚ ਗ਼ੈਰ ਅਧਿਆਪਕ ਅਮਲੇ ਦੀ ਡਿਊਟੀ ਸੰਬੰਧੀ ਨਵੇਂ ਹੁਕਮ ਜਾਰੀ
ਚੰਡੀਗੜ੍ਹ, 8 ਨਵੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਸਿਖਿਆ ਵਿਭਾਗ ਨੇ ਸੂਬੇ ਵਿਚਲੇ ਡਬਲ ਸ਼ਿਫ਼ਟਾਂ ਵਾਲੇ ਸਾਰੇ ਸਕੂਲਾਂ ਵਿਚੋਂ ਗ਼ੈਰ ਅਧਿਆਪਕ ਅਮਲੇ ਲਈ ਪਿਛਲੇ ਵਰ੍ਹੇ ਬਣਾਈ ਸਮਾਂ-ਸਾਰਣੀ ਵਾਲੇ ਹੁਕਮ ਰੱਦ ਕਰ ਦਿੱਤੇ ਗਏ ਹਨ। ਸਿਖਿਆ ਸਕੱਤਰ ਸਕੂਲੀ ਸਿਖਿਆ ਕਮਲ ਕਿਸ਼ੋਰ ਯਾਦਵ ਨੇ ਅਪਣੇ ਪੱਤਰ ਵਿਚ ਹਦਾਇਤ ਕੀਤੀ ਹੈ ਕਿ ਸਿਖਿਆ ਮੰਤਰੀ ਵਲੋਂ ਦਿਤੇ ਨਿਰਦੇਸ਼ਾਂ ਵਾਲੇ ਹੁਕਮ ਤੁਰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਨ੍ਹਾਂ ਹੁਕਮਾਂ ਤੋਂ ਬਾਅਦ ਲਾਇਬ੍ਰੇਰੀਅਨ/ਲਾਇਬ੍ਰੇਰੀ ਅਟੈਂਡੈਂਟ ਭਾਵ ਗਰੁੱਪ ਸੀ ਅਤੇ ਡੀ ਦੀ ਇਕੋ ਅਸਾਮੀ ਵਾਲੇ ਡਬਲ ਸ਼ਿਫ਼ਟ ਸਕੂਲਾਂ ਵਿਚ ਇਨ੍ਹਾਂ ਕਰਮਚਾਰੀਆਂ ਦੀ ਠਾਹਰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤਕ ਹੋ ਜਾਵੇਗੀ।
ਜੇਕਰ ਕਿਸੇ ਸਕੂਲ ਵਿਚ ਅਸਾਮੀਆਂ ਦੀ ਗਿਣਤੀ 2 ਜਾਂ ਇਸ ਤੋਂ ਵੱਧ ਹੈ ਤਾਂ ਇਨ੍ਹਾਂ ਦੀ ਸਕੂਲ ਵਿਚ ਠਾਹਰ ਸ਼ਿਫ਼ਟਾਂ ਵਿਚ ਹੋਇਆ ਕਰੇਗੀ ਜਿਸ ਦਾ ਫ਼ੈਸਲਾ ਸਕੂਲ ਮੁੱਖੀ ਤੈਅ ਕਰੇਗਾ। ਇਹ ਵੀ ਹੁਕਮ ਦਿਤੇ ਗਏ ਹਨ ਕਿ ਸਕੂਲ ਮੁਖੀ ਦੇ ਸਕੂਲ ਵਿਚ ਆਉਣ ਤੋਂ ਪਹਿਲਾਂ ਅਤੇ ਜਾਣ ਤੋਂ ਬਾਅਦ ਸਬੰਧ ਸ਼ਿਫ਼ਟ ਦਾ ਸੀਨੀਅਰ ਅਧਿਕਾਰੀ ਸਿਰਫ਼ ਓਨੇ ਸਮੇਂ ਲਈ ਹੀ ਇੰਚਾਰਜ ਹੋਵੇਗਾ।
ਦੱਸਣਾਂ ਬਣਦਾ ਹੈ ਕਿ ਸਿੱਖਿਆ ਸਕੱਤਰ ਕਮਲ ਕੁਮਾਰ ਯਾਦਵ ਨੇ 19 ਦਸੰਬਰ 2023 ਨੂੰ ਡਬਲ ਸ਼ਿਫ਼ਟਾਂ ਵਾਲੇ ਸਕੂਲਾਂ ਵਿਚ ਸਾਲ 2022 ਦੀ ਬਣਾਈ ਪਾਲਿਸੀ ਵਿਚ ਅੰਸ਼ਕ ਸੋਧਾਂ ਕਰ ਕੇ ਨਵੇਂ ਹੁਕਮ ਜਾਰੀ ਕੀਤੇ ਸਨ।
ਲੰਘੇ ਵਰ੍ਹੇ ਜਾਰੀ ਹੋਏ ਇਨ੍ਹਾਂ ਸਕੂਲਾਂ ਦੇ ਗ਼ੈਰ ਅਧਿਆਪਕ ਅਮਲੇ ਲਈ ਇਨ੍ਹਾਂ ਸਕੂਲਾਂ ਵਿਚ ਠਾਹਰ ਦੀ ਨਵੀਂ ਹਦਾਇਤ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ 1 ਅਪ੍ਰੈਲ ਤੋਂ 30 ਸਤੰਬਰ ਅਤੇ ਕਿ 1 ਅਕਤੂਬਰ ਤੋਂ 31 ਮਾਰਚ ਤਕ ਸਾਰੇ ਗ਼ੈਰ ਅਧਿਆਪਕ ਅਮਲੇ ਨੂੰ ਡਬਲ ਸ਼ਿਫ਼ਟ ਸਕੂਲਾਂ ਵਿਚ ਸਵੇਰੇ 9 ਵਜੇ ਤੋਂ 5 ਵਜੇ ਤਕ ਸਕੂਲਾਂ ਵਿਚ ਰੁਕਣ ਦੇ ਹੁਕਮ ਦਿਤੇ ਗਏ ਸਨ। ਹਾਲਾਂਕਿ ਇਸ ਦੌਰਾਨ ਇਨ੍ਹਾਂ ਦਾ ਸਕੂਲ ਵਿਚ ਕੋਈ ਕੰਮ ਨਹੀਂ ਹੁੰਦਾ ਸੀ। ਹੁਣ ਨਵੇਂ ਹੁਕਮਾਂ ਅਨੁਸਾਰ ਇਹ ਸਟਾਫ਼ ਬਾਕੀ ਸਕੂਲਾਂ ਵਾਂਗ ਸਵੇਰੇ 9 ਤੋਂ 3 ਵਜੇ ਤਕ ਡਿਊਟੀ ਕਰੇਗਾ।