ਕੀਰਤਪੁਰ ਸਾਹਿਬ ਨੇੜੇ ਦੋ ਗੱਡੀਆਂ ਭਿੜੀਆਂ, 2 ਦੀ ਮੌਤ, 4 ਜ਼ਖਮੀ
ਕੀਰਤਪੁਰ ਸਾਹਿਬ, 8 ਨਵੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ‘ਤੇ ਸਥਿਤ ਕੀਰਤਪੁਰ ਸਾਹਿਬ ਨੇੜੇ ਅੱਜ ਸ਼ੁੱਕਰਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਧਾਰਮਿਕ ਨਗਰੀ ਕੀਰਤਪੁਰ ਸਾਹਿਬ ‘ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ 6:30 ਵਜੇ ਦੇ ਕਰੀਬ ਇੱਕ SUV 500 ਅਤੇ ਸਵਿਫਟ ਡਿਜ਼ਾਇਰ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ।
ਇਸ ਭਿਆਨਕ ਸੜਕ ਹਾਦਸੇ ਵਿੱਚ ਟੈਕਸੀ ਡਰਾਈਵਰ ਅਤੇ ਇੱਕ ਔਰਤ ਦੀਪਿਕਾ ਸ਼ਰਮਾ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਵਿਫਟ ਡਿਜ਼ਾਇਰ (ਟੈਕਸੀ) ਵਿੱਚ ਸਫ਼ਰ ਕਰ ਰਹੇ ਇੱਕ ਛੋਟੇ ਬੱਚੇ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ।
ਮ੍ਰਿਤਕ ਟੈਕਸੀ ਚਾਲਕ ਦੀ ਪਛਾਣ ਯੁਵਰਾਜ ਰਾਣਾ (30) ਵਾਸੀ ਹਮੀਰਪੁਰ ਵਜੋਂ ਹੋਈ ਹੈ, ਜੋ ਹਿਮਾਚਲ ਤੋਂ ਸਵਾਰੀਆਂ ਲੈ ਕੇ ਚੰਡੀਗੜ੍ਹ ਜਾ ਰਿਹਾ ਸੀ। ਜ਼ਖ਼ਮੀਆਂ ਵਿੱਚ ਅੰਨਾ ਭਾਰਤੀ, ਰੀਨਾ ਦੇਵੀ, ਇੱਕ ਛੋਟਾ ਬੱਚਾ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਐਸਯੂਵੀ ਚਾਲਕ ਆਪਣੇ ਸਾਥੀਆਂ ਸਮੇਤ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।