ਭਾਜਪਾ ਦੇ ਨੌਜਵਾਨ ਆਗੂ ਤਾਹਿਲ ਸ਼ਰਮਾ ਨੇ ਆਪਣੇ ਜਨਮ ਦਿਨ ਮੌਕੇ ਸਰਪੰਚ ਅਤੇ ਦੋਸਤਾਂ ਨਾਲ ਮਿਲ ਕੇ ਪਾਰਕਾਂ ਦੀ ਸਫਾਈ ਕੀਤੀ

ਪੰਜਾਬ

ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਮੌਜੂਦਾ ਕੌਂਸਲਰਾਂ ਅਤੇ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ

ਮੋਹਾਲੀ 7 ਨਵੰਬਰ ,ਬੋਲੇ ਪੰਜਾਬ ਬਿਊਰੋ :

ਮੁਹਾਲੀ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ ਹਾਲਾਤ ਇਹ ਹਨ ਕਿ ਨਗਰ ਨਿਗਮ ਮੁਹਾਲੀ ਵੱਲੋਂ ਬਣਾਏ ਆਰ.ਐਮ.ਸੀ. ਵਿੱਚੋਂ ਕੂੜਾ ਸਹੀ ਢੰਗ ਨਾਲ ਇਕੱਠਾ ਨਾ ਕੀਤੇ ਜਾਣ ਕਾਰਨ ਆਰ.ਐਮ.ਸੀ ਆਦਿ ਵਿੱਚੋਂ ਕੂੜੇ ਦੇ ਢੇਰ ਨਿਕਲਣ ਲੱਗ ਪਏ ਹਨ ਅਤੇ ਬਦਬੂ ਆ ਰਹੀ ਹੈ। ਪਰ ਨਗਰ ਨਿਗਮ ਦੇ ਅਧਿਕਾਰੀ ਅਤੇ ਮੌਜੂਦਾ ਵੱਖ-ਵੱਖ ਵਾਰਡਾਂ ਦੇ ਕੌਂਸਲਰ ਸ਼ਹਿਰ ਵਿੱਚ ਫੈਲੀ ਗੰਦਗੀ ਅਤੇ ਵਿਗੜ ਰਹੀ ਸਫਾਈ ਵਿਵਸਥਾ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਹੇ ਹਨ, ਜਿਸ ਕਾਰਨ ਸਥਾਨਕ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਇੰਜ ਹੀ ਕੁਝ ਦਿਨ ਹੋਰ ਜਾਰੀ ਰਹੇਗਾ, ਮੋਹਾਲੀ ‘ਚ ਲੋਕ ਬਿਮਾਰੀਆਂ ਦਾ ਸ਼ਿਕਾਰ ਹੋਣੇ ਸ਼ੁਰੂ ਹੋ ਜਾਣਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਭਾਜਪਾ ਦੇ ਯੂਥ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਉਰਫ਼ ਲੱਕੀ ਨੇ ਮੁਹਾਲੀ ਦੇ ਫੇਜ਼-7 ਵਿੱਚ ਪੈਂਦੇ ਵਾਰਡ ਨੰਬਰ 12 ਦੇ ਪਾਰਕਾਂ ਵਿੱਚ ਫੈਲੀ ਗੰਦਗੀ ਅਤੇ ਕੂੜਾ ਆਦਿ ਦੀ ਸਫ਼ਾਈ ਕਰਕੇ ਨਿਵੇਕਲੇ ਢੰਗ ਨਾਲ ਆਪਣਾ ਜਨਮ ਦਿਨ ਮਨਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ।
ਭਾਜਪਾ ਦੇ ਨੌਜਵਾਨ ਆਗੂ ਤਾਹਿਲ ਸ਼ਰਮਾ ਨੇ ਮੁਹਾਲੀ ਵਿੱਚ ਵਿਗੜ ਰਹੀ ਸਫ਼ਾਈ ਵਿਵਸਥਾ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇਹ ਸਥਿਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਮੁਹਾਲੀ ਸਫ਼ਾਈ ਦੀ ਰੈਂਕਿੰਗ ਵਿੱਚ ਬਹੁਤ ਪੱਛੜ ਜਾਵੇਗਾ ਅਤੇ ਇੱਥੇ ਰਹਿਣ ਵਾਲੇ ਲੋਕਾਂ ਦੇ ਜੀਵਨ ’ਤੇ ਵੀ ਮਾੜਾ ਅਸਰ ਪਵੇਗਾ। . ਇਸ ਮੌਕੇ ਉਨ੍ਹਾਂ ਨਾਲ ਪਿੰਡ ਬਹਿਲੋਲਪੁਰ ਦੇ ਸਰਪੰਚ ਮਨਰਾਜ ਸਿੰਘ ਅਤੇ ਯੁਵਾ ਮੋਰਚਾ ਦੇ ਦੋਸਤ ਅਭਿਸ਼ੇਕ ਠਾਕੁਰ, ਰੂਪ ਰਾਣਾ, ਨੀਰਜ ਠਾਕੁਰ, ਪੰਕਜ ਸੇਠੀ, ਕਰਨ ਭਾਰਦਵਾਜ, ਪਰਮਿੰਦਰ ਸਿੰਘ, ਨਕੁਲ, ਧੀਰਜ, ਤੁਸ਼ਾਰ ਵੀ ਉਨ੍ਹਾਂ ਨਾਲ ਵਾਰਡ ਨੰ. 12 ਫੇਜ਼ 7 ਐਚ.ਈ.ਐਲ ਪਾਰਕ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਅਤੇ ਕੂੜਾ ਵੀ ਚੁੱਕਿਆ।
ਇੱਕ ਸਵਾਲ ਦੇ ਜਵਾਬ ਵਿੱਚ ਭਾਜਪਾ ਦੇ ਨੌਜਵਾਨ ਆਗੂ ਤਾਹਿਲ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਫ਼ਾਈ ਬਹੁਤ ਪਸੰਦ ਹੈ ਅਤੇ ਇਹੀ ਕਾਰਨ ਹੈ ਕਿ ਉਹ ਖ਼ੁਦ ਝਾੜੂ ਚੁੱਕ ਕੇ ਸਫ਼ਾਈ ਕਰਦੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਨੇ ਸਫ਼ਾਈ ਅਭਿਆਨ ਚਲਾ ਕੇ ਦੇਸ਼ ਦੇ ਲੋਕਾਂ ਨੂੰ ਬਹੁਤ ਜਾਗਰੂਕ ਕਿੱਤਾ ਹੈ ਅਤੇ ਲੋਕ ਸਫਾਈ ਪ੍ਰਤੀ ਜਾਗਰੂਕ ਹੋ ਰਹੇ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਵੀ ਆਪਣੇ ਵਿਸ਼ੇਸ਼ ਦਿਨ ਨੂੰ ਇਸੇ ਤਰ੍ਹਾਂ ਮਨਾਉਣ ਅਤੇ ਆਪਣੇ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਸੇ ਤਰ੍ਹਾਂ ਮਨਾਉਣ ਲਈ ਪ੍ਰੇਰਿਤ ਕਰਨ ਵਿੱਚ ਸਫ਼ਲ ਹੋ ਸਕਣ ।

Leave a Reply

Your email address will not be published. Required fields are marked *