ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਹੋਵੇਗਾ ਨਵੇਂ ਚੁਣੇ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ
ਲੁਧਿਆਣਾ, 5 ਨਵੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੇ ਜੇਤੂ ਲਗਭਗ 10031 ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਮਿੱਤੀ 8 ਨਵੰਬਰ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਨਾਨਸੂ ਦੀ ਸਾਈਕਲ ਵੈਲੀ ਵਿਖੇ ਹੋਵੇਗਾ। ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਿਰਕਤ ਕਰਨਗੇ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਚਾਰ ਵਿਧਾਨ ਸਭਾ ਹਲਕੇ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਤੇ ਸ਼ਾਮਚੁਰਾਸੀ ਵਿਖੇ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਦੇ ਚਲਦਿਆਂ ਇਨ੍ਹਾਂ ਹਲਕਿਆਂ ਦੇ ਜੇਤੂ 3200 ਸਰਪੰਚ ਇਸ ਸਹੁੰ ਚੁੱਕ ਸਮਾਗਮ ਦਾ ਹਿੱਸਾ ਨਹੀਂ ਹੋਣਗੇ, ਉਨ੍ਹਾਂ ਨੂੰ ਬਾਅਦ ਵਿੱਚ ਪੰਜਾਬ ਰਾਜ ਪੰਚਾਇਤ ਵਿਭਾਗ ਵੱਲੋਂ ਵੱਖੜੇ ਤੌਰ ਤੇ ਸਹੁੰ ਚੁਕਾਈ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਚ ਲਗਭਗ 86000 ਦੇ ਕਰੀਬ ਪੰਚਾਂ ਦਾ ਸਹੁੰ ਚੁੱਕ ਸਮਾਗਮ ਜ਼ਿਲ੍ਹਾ ਪੱਧਰ ਉੱਤੇ ਕੀਤਾ ਜਾਵੇਗਾ।