ਪੰਜਾਬ ਦੇ ਮੁੱਖ ਮੰਤਰੀ ਲਈ ਕੇਂਦਰੀ ਮੰਤਰੀ ਬਿੱਟੂ ਦਾ ਦਾਅਵਾ
ਚੰਡੀਗੜ੍ਹ,4 ਨਵੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋ ਗਈ ਹੈ। ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ (ਸੋਮਵਾਰ) ਗਿੱਦੜਬਾਹਾ ਪੁੱਜੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਝੋਨਾ ਖਰੀਦਣ ਅਤੇ ਪੈਸੇ ਵੰਡਣ ਦੇ ਮਾਮਲੇ ‘ਚ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਇਆ।
ਬਿੱਟੂ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਦਿਆਂ ਇਸ ਨੂੰ ਸਰਕਾਰ ਚਲਾਉਣ ‘ਚ ਅਸਮਰਥ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਅੱਜ ਮੰਡੀਆਂ ਵਿੱਚ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ। ਭਗਵੰਤ ਮਾਨ ਸਰਕਾਰ ਨੇ ਹੁਣ ਤੱਕ ਝੋਨਾ ਖਰੀਦਣ ਵੇਲੇ 4 ਲੱਖ ਕਿਸਾਨਾਂ ਨੂੰ ਸਿਰਫ 19,800 ਕਰੋੜ ਰੁਪਏ ਦਿੱਤੇ ਹਨ। ਮੰਡੀਆਂ ਵਿੱਚ 90.7 ਲੱਖ ਮੀਟ੍ਰਿਕ ਟਨ ਫਸਲ ਦੀ ਆਮਦ ਹੋਈ ਹੈ। ਇਸ ਹਿਸਾਬ ਨਾਲ 44 ਹਜ਼ਾਰ ਕਰੋੜ ਰੁਪਏ ਦੀ ਸਾਰੀ ਰਾਸ਼ੀ ਕਦੋਂ ਵੰਡੀ ਜਾਵੇਗੀ? ਪਤਾ ਨਹੀਂ।