ਬਮਿਆਲ ਸੈਕਟਰ ਦੇ ਇੱਕ ਪਿੰਡ ‘ਚ ਫਿਰ ਮਿਲਿਆ ਡਰੋਨ
ਦੀਨਾਨਗਰ, 4 ਨਵੰਬਰ,ਬੋਲੇ ਪੰਜਾਬ ਬਿਊਰੋ :
ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਅਧੀਨ ਪੈਂਦੇ ਪਿੰਡ ਅਖਾੜਾ ਦੇ ਇੱਕ ਖੇਤ ਵਿੱਚ ਇੱਕ ਡਰੋਨ ਮਿਲਿਆ ਹੈ। ਕਿਸਾਨ ਨੇ ਤੁਰੰਤ ਸਰਪੰਚ ਨੂੰ ਸੂਚਿਤ ਕੀਤਾ ਅਤੇ ਫਿਰ ਸਥਾਨਕ ਲੋਕਾਂ ਨੇ ਨੇੜਲੇ ਬੀਐਸਐਫ (ਬਾਰਡਰ ਸੁਰੱਖਿਆ ਬਲ) ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਬੀਐਸਐਫ ਨੇ ਮੌਕੇ ’ਤੇ ਪਹੁੰਚ ਕੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ।
ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੇ ਐਸਓਜੀ ਕਮਾਂਡੋਜ਼ ਅਤੇ ਬੀਐਸਐਫ ਨਾਲ ਮਿਲ ਕੇ ਉਸ ਇਲਾਕੇ ਵਿੱਚ ਇੱਕ ਵੱਡੀ ਤਲਾਸ਼ੀ ਮੁਹਿੰਮ ਚਲਾਈ। ਡਰੋਨ ਤੋਂ ਇਲਾਵਾ ਹੁਣ ਤੱਕ ਕਿਸੇ ਹੋਰ ਵਸਤੂ ਦੇ ਮਿਲਣ ਦੀ ਖਬਰ ਨਹੀਂ ਹੈ।ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 2 ਕਿਲੋਮੀਟਰ ਦੂਰ ਪੈਂਦੇ ਪਿੰਡ ਅਖਾੜਾ ਦੇ ਸਰਪੰਚ ਕਾਬਲ ਸਿੰਘ ਨੇ ਦੱਸਿਆ ਕਿ ਕਿਸਾਨ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਜਦੋਂ ਉਸਨੂੰ ਇਹ ਡਰੋਨ ਮਿਲਿਆ। ਇਸ ਤੋਂ ਬਾਅਦ ਉਸ ਨੇ ਬੀਐਸਐਫ ਅਤੇ ਪੰਜਾਬ ਪੁਲੀਸ ਨੂੰ ਸੂਚਿਤ ਕੀਤਾ। ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।