ਆਪਰੇਸ਼ਨ ਦੌਰਾਨ 15 ਸਾਲਾ ਮੁੰਡੇ ਦੇ ਢਿੱਡ ’ਚੋਂ ਘੜੀ ਦੀਆਂ ਬੈਟਰੀਆਂ ਤੇ ਬਲੇਡਾਂ ਸਮੇਤ 56 ਚੀਜ਼ਾਂ ਨਿਕਲੀਆਂ, ਮੌਤ
ਲਖਨਊ, 4 ਨਵੰਬਰ,ਬੋਲੇ ਪੰਜਾਬ ਬਿਊਰੋ :
ਉੱਤਰ ਪ੍ਰਦੇਸ਼ ’ਚ ਹਾਥਰਸ ਦੇ ਇਕ 15 ਸਾਲ ਦੇ ਮੁੰਡੇ ਦੇ ਢਿੱਡ ’ਚੋਂ ਦਿੱਲੀ ਦੇ ਇਕ ਹਸਪਤਾਲ ’ਚ ਇਕ ਵੱਡੀ ਸਰਜਰੀ ਤੋਂ ਬਾਅਦ ਘੜੀ ਦੀਆਂ ਬੈਟਰੀਆਂ, ਬਲੇਡ, ਨਹੁੰਆਂ ਸਮੇਤ 56 ਚੀਜ਼ਾਂ ਨਿਕਲੀਆਂ। ਸਰਜਰੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹਾਥਰਸ ’ਚ ਮੈਡੀਕਲ ਪ੍ਰਤੀਨਿਧੀ ਦੇ ਤੌਰ ’ਤੇ ਕੰਮ ਕਰਨ ਵਾਲੇ ਪੀੜਤ ਦੇ ਪਿਤਾ ਸੰਚਿਤ ਸ਼ਰਮਾ ਨੇ ਦਸਿਆ ਕਿ 9ਵੀਂ ਜਮਾਤ ਦੇ ਵਿਦਿਆਰਥੀ ਆਦਿੱਤਿਆ ਸ਼ਰਮਾ (15) ਦੇ ਸਰੀਰ ’ਚੋਂ ਮਿਲੀਆਂ ਚੀਜ਼ਾਂ ਨੇ ਡਾਕਟਰਾਂ ਨੂੰ ਹੈਰਾਨ ਕਰ ਦਿਤਾ ਅਤੇ ਪਰਵਾਰ ਨੂੰ ਹਿਲਾ ਕੇ ਰੱਖ ਦਿਤਾ।
ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੀ ਸਫਦਰਜੰਗ ਹਸਪਤਾਲ ’ਚ ਸਰਜਰੀ ਤੋਂ ਇਕ ਦਿਨ ਬਾਅਦ ਮੌਤ ਹੋ ਗਈ ਕਿਉਂਕਿ ਉਸ ਦੀ ਦਿਲ ਦੀ ਧੜਕਣ ਵਧ ਗਈ ਸੀ ਅਤੇ ਉਸ ਦਾ ਬਲੱਡ ਪ੍ਰੈਸ਼ਰ (ਬੀ.ਪੀ.) ਚਿੰਤਾਜਨਕ ਰੂਪ ਨਾਲ ਡਿੱਗ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਉੱਤਰ ਪ੍ਰਦੇਸ਼, ਜੈਪੁਰ ਅਤੇ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ’ਚ ਮੈਡੀਕਲ ਜਾਂਚ ਦੌਰਾਨ ਆਦਿੱਤਿਆ ਦੇ ਪੇਟ ’ਚ ਇਹ ਚੀਜ਼ਾਂ ਪਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਉਸ ਦੇ ਪਰਵਾਰ ਦੀਆਂ ਮੁਸ਼ਕਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਸ ਦੇ ਬੇਟੇ ਨੇ ਪੇਟ ’ਚ ਤੇਜ਼ ਦਰਦ ਅਤੇ ਸਾਹ ਲੈਣ ’ਚ ਮੁਸ਼ਕਲ ਦੀ ਸ਼ਿਕਾਇਤ ਕੀਤੀ।