ਸਿੱਖ ਕਤਲੇਆਮ ਖਿਲਾਫ਼ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ 3 ਨਵੰਬਰ ,ਬੋਲੇ ਪੰਜਾਬ ਬਿਊਰੋ :
ਕਿਰਤੀ ਕਿਸਾਨ ਯੂਨੀਅਨ ਵੱਲੋਂ 1984 ਦੇ ਸਿੱਖ ਕਤਲੇਆਮ ਖਿਲਾਫ਼ ਕੱਲ 3 ਨਵੰਬਰ ਨੂੰ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੂਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈੱਸ ਸਕੱਤਰ ਰਮਿੰਦਰ ਪਟਿਆਲਾ ਨੇ ਕਿਹਾ ਨੇ ਸਿੱਖ ਨਸਲਕੁਸ਼ੀ ਦੇ 40 ਸਾਲ ਬੀਤ ਜਾਣ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਭਾਰਤੀ ਹਾਕਮਾਂ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਸਮਝ ‘ਚ ਕੋਈ ਤਬਦੀਲੀ ਕੀਤੀ ਹੈ।
ਕਿਸਾਨ ਆਗੂਆਂ ਕਿਹਾ ਨੇ 1984 ‘ਚ ਜਿਸ ਤਰਾਂ ਮੁਲਕ ਭਰ ਵਿਚ ਸਿੱਖਾਂ ਨੂੰ ਮਾਰਨ ਦੇ ਕੇਂਦਰ ਦੀ ਕਾਂਗਰਸ ਸਰਕਾਰ ਨੇ ਹੁਕਮ ਦਿਤੇ ਤੇ ਪੂਰੇ ਮੁਲਕ ਚ ਸਿੱਖਾਂ ਦਾ ਕਤਲੇਆਮ, ਧੀਆਂ ਭੈਣਾਂ ਦੀ ਬੇਪੱਤੀ ਸਮੇਤ ਕਰੋੜਾਂ ਅਰਬਾਂ ਦੀ ਜਾਇਦਾਦ ਬਰਬਾਦ ਕੀਤੀ ਗਈ। ਇਹ ਇਸ ਮੁਲਕ ਦੀ ਅਖੌਤੀ ਜਮਹੂਰੀਅਤ ਦੇ ਚਿਹਰੇ ਤੋਂ ਕਦੇ ਵੀ ਨਾ ਉੱਤਰਨ ਵਾਲਾ ਕਲੰਕ ਹੈ। ਉਹਨਾਂ ਕਿਹਾ ਕੇ ਇਸ ਸਿੱਖ ਨਸਲਕੁਸ਼ੀ ਦੀ ਮੁਹਿੰਮ ਵਿਚ ਕਾਂਗਰਸ ਸਮੇਤ ਆਰਐੱਸਐੱਸ ਦੇ ਕਰਿੰਦੇ ਵੀ ਵੱਡੀ ਗਿਣਤੀ ‘ਚ ਸ਼ਾਮਿਲ ਹੋਏ, ਜਿਹਨਾਂ ਤੇ ਹੋਏ ਪਰਚੇ ਭਾਜਪਾ ਨੇ ਸੱਤਾ ‘ਚ ਆਉਦਿਆ ਸਹਿਜੇ-ਸਹਿਜੇ ਖ਼ਤਮ ਕਰ ਦਿੱਤੇ।
ਆਗੂਆਂ ਨੇ ਕਿਹਾ ਕਿਸੇ ਘੱਟ ਗਿਣਤੀ ਨੂੰ ਚੁੱਣਕੇ, ਉਸ ਖਿਲਾਫ਼ ਨਫ਼ਰਤ ਦਾ ਮਾਹੌਲ ਬਣਾਕੇ ਤੇ ਫਿਰ ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ ਵੋਟਾਂ ‘ਚ ਤਬਦੀਲ ਕਰਨਾ ਇਸ ਮੁਲਕ ਦੇ ਹਾਕਮਾਂ ਦੀ ਨੀਤੀ ਬਣ ਚੁਕੀ ਹੈ। ਇਸ ਲਈ ਸਿਰਫ਼ ਘੱਟ ਗਿਣਤੀਆਂ ਨਹੀਂ ਬਲਕਿ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਹਰ ਘੱਟ ਗਿਣਤੀ, ਬੁੱਧੀਜੀਵੀ, ਲੇਖਕ ਤੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਦੇਸ਼ ਧ੍ਰੋਹ ਦੇ ਮੁਕਦਮੇ ਸਿਰਫ ਯੋਗੀ ਮੋਦੀ ਦੀ ਆਲੋਚਨਾ ਕਰਨ ਤੇ ਹੀ ਦਰਜ ਕੀਤੇ ਗਏ। ਨਵੇਂ ਫੌਜਦਾਰੀ ਕਾਨੂੰਨ ਵੀ ਲੋਕਾਂ ਨੂੰ ਦਬਾਉਣ ਲਈ ਹੀ ਲਿਆਂਦੇ ਗਏ ਹਨ।
ਆਗੂਆਂ ਨੇ ਕਿਹਾ ਯੂਨੀਫਾਰਮ ਸਿਵਿਲ ਕੋਡ ਹਰ ਵੱਖਰੇ ਸਭਿਆਚਾਰ, ਵੱਖਰੀ ਪਛਾਣ, ਵੱਖਰੇ ਰੀਤੀ-ਰਿਵਾਜਾਂ ਨੂੰ ਮਸਲਕੇ ਇਕ ਹਿੰਦੂਤਵੀ ਮੁਲਕ ਬਣਾਉਣ ਦੀ ਪਹੁੰਚ ਹੈ।ਕਿਰਤੀ ਕਿਸਾਨ ਯੂਨੀਅਨ ਨੇ ਕੱਲ ਦੇ ਰੋਸ ਪ੍ਰਦਰਸ਼ਨਾਂ ‘ਚ ਸਭ ਨੂੰ ਵੱਧ ਚੜਕੇ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਹੈ।