ਬੀਕੇਯੂ ਡਕੌਂਦਾ ਵੱਲੋਂ 3 ਨਵੰਬਰ ਦੇ ਬਰਨਾਲਾ ਵਿਸ਼ਾਲ ਮਾਰਚ ਦੀਆਂ ਤਿਆਰੀਆਂ ਮੁਕੰਮਲ 

ਪੰਜਾਬ

ਬੀਕੇਯੂ ਡਕੌਂਦਾ ਵੱਲੋਂ 3 ਨਵੰਬਰ ਦੇ ਬਰਨਾਲਾ ਵਿਸ਼ਾਲ ਮਾਰਚ ਦੀਆਂ ਤਿਆਰੀਆਂ ਮੁਕੰਮਲ 

ਬਰਨਾਲਾ, 2 ਨਵੰਬਰ, ਬੋਲੇ ਪੰਜਾਬ ਬਿਊਰੋ :

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਬੀਕੇਯੂ ਡਕੌਂਦਾ ਦੇ ਆਗੂਆਂ ਹਰਨੇਕ ਸਿੰਘ ਮਹਿਮਾ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਦੇ ਅਬਾਦਕਾਰ ਜ਼ਮੀਨ ਮਾਲਕ ਕਿਸਾਨਾਂ ਦੀ ਜ਼ਮੀਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਬੁੱਧਰਾਮ ਦੀ ਸ਼ਹਿ ਤੇ ਭੂ-ਮਾਫੀਆ ਵੱਲੋਂ ਹੜੱਪਣ ਦੀਆਂ ਕੋਸ਼ਿਸ਼ਾਂ ਖਿਲਾਫ਼ 3 ਨਵੰਬਰ ਨੂੰ ਬਰਨਾਲਾ ਵਿਖੇ ਹਜ਼ਾਰਾਂ ਕਿਸਾਨਾਂ ਵੱਲੋਂ ਲੋਕ ਸਭਾ ਮੈਂਬਰ ਮੀਤ ਹੇਅਰ ਦੀ ਰਿਹਾਇਸ਼ ਨੇੜੇ ਕਚਹਿਰੀ ਚੌਕ ਵਿੱਚ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਵਿਸ਼ਾਲ ਮਾਰਚ ਦੀਆਂ ਤਿਆਰੀਆਂ ਮੁਕੰਮਲ ਕਰ ਲਈ‌ਆਂ ਗਈਆਂ ਹਨ। 

ਇਨ੍ਹਾਂ ਤਿਆਰੀਆਂ ਦੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਹਰਨੇਕ ਸਿੰਘ ਮਹਿਮਾ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਜਥੇਬੰਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਪਿਛਲੇ ਡੇਢ ਸਾਲ ਤੋਂ ਜਮਹੂਰੀ ਢੰਗ ਨਾਲ ਜਥੇਬੰਦਕ ਸੰਘਰਸ਼ ਲੜ ਰਹੀ ਹੈ। ਪੰਜਾਬ ਸਰਕਾਰ ਦੇ ਅਨੇਕਾਂ ਹੀ ਮੰਤਰੀਆਂ, ਵਿਧਾਇਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਲਬਾਤ ਰਾਹੀਂ ਮੰਨਿਆ ਹੈ ਕਿ ਕੁੱਲਰੀਆਂ ਦੇ ਕਿਸਾਨਾਂ ਦਾ ਜ਼ਮੀਨ ਤੇ ਮਾਲਕੀ ਹੱਕ ਹੈ ਪ੍ਰੰਤੂ ਭੂ-ਮਾਫੀਆ ਇਸ ਮਾਲਕੀ ਹੱਕ ਨੂੰ ਖੋਹਣ ਤੇ ਉਤਾਰੂ ਹੈ ਅਤੇ ਪੰਜਾਬ ਸਰਕਾਰ ਕੋਈ ਇਨਸਾਫ਼ ਨਹੀਂ ਦੇ ਰਹੀ। ਮਾਨਸਾ ਦਾ ਜ਼ਿਲ੍ਹਾ ਪ੍ਰਸ਼ਾਸਨ ਜਥੇਬੰਦੀ ਤੋਂ ਵਾਰ-ਵਾਰ ਸਮਾਂ ਲੈ ਰਿਹਾ ਹੈ ਪਰ ਹਰ ਵਾਰ ਆਪਣੇ ਵਾਅਦੇ ਪੂਰੇ ਕਰਨ ਤੋਂ ਮੁੱਕਰ ਜਾਂਦਾ ਹੈ। ਇਸ ਲਈ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜ਼ਿਮਨੀ ਚੋਣਾਂ ਵਿੱਚ ਬਰਨਾਲਾ ਵਿਖੇ  3 ਨਵੰਬਰ ਨੂੰ ਅਤੇ ਗਿੱਦੜਬਾਹਾ ਵਿਖੇ 4 ਨਵੰਬਰ ਨੂੰ ਵੱਡੀਆਂ ਰੈਲੀਆਂ ਕਰਕੇ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਸੱਦਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਜਥੇਬੰਦੀ ਇਨ੍ਹਾਂ ਦੋਵਾਂ ਹਲਕਿਆਂ ਦੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀ ਕਿਸਾਨ ਵਿਰੋਧੀ ਨੀਤੀ ਦਾ ਪਰਦਾਫਾਸ਼ ਕਰੇਗੀ।

ਆਗੂਆਂ ਨੇ ਦੁਹਰਾਇਆ ਕਿ ਜਥੇਬੰਦੀ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਨਹੀਂ ਝਿਜਕੇਗੀ। ਕਿਸਾਨ ਆਗੂਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਅਬਾਦਕਾਰ ਜ਼ਮੀਨ ਮਾਲਕਾਂ ਦੀ ਜ਼ਮੀਨ ਹੜੱਪਣ ਦਾ ਸਾਜ਼ਿਸ਼ ਦਾ ਭਾਂਡਾ-ਫੋੜ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਨੂੰ ਅਬਾਦਕਾਰ ਜ਼ਮੀਨ ਮਾਲਕ ਕਿਸਾਨਾਂ ਦੀ ਜ਼ਮੀਨ ਹੜੱਪਣ ਦੀ ਸਿਆਸੀ ਕੀਮਤ ਵੀ ਤਾਰਨੀ ਪਵੇਗੀ। 

ਆਗੂਆਂ ਦੱਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, 3 ਨਵੰਬਰ ਨੂੰ ਸਵੇਰੇ 10 ਵਜੇ ਕਿਸਾਨ ਕਾਫਲੇ ਕਚਹਿਰੀ ਚੌਂਕ ਬਰਨਾਲਾ ਪਹੁੰਚ ਜਾਣਗੇ। ਇਸ ਰੈਲੀ/ਮਾਰਚ ਦੌਰਾਨ ਝੋਨੇ ਦੀ ਮੰਡੀਆਂ ਵਿੱਚ ਬੇਕਦਰੀ, ਝੋਨੇ ਦੇ ਰੇਟ ਤੇ ਕੱਟ ਲੱਗਣ ਦਾ ਮਸਲਾ, ਡੀਏਪੀ ਦੀ ਘਾਟ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਮੁੱਦੇ ਵੀ ਉਭਾਰੇ ਜਾਣਗੇ। 

ਸੂਬਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੋਵੇਂ ਪੰਜਾਬ ਦੇ ਮੰਡੀ ਸਿਸਟਮ ਨੂੰ ਫੇਲ੍ਹ ਕਰਕੇ ਕੰਟਰੈਕਟ ਫਾਰਮਿੰਗ ਲਾਗੂ ਕਰਵਾਉਣਾ ਚਾਹੁੰਦੀਆਂ ਹਨ। ਇਸ ਲਈ ਕਿਸਾਨਾਂ ਤੇ ਚੌਤਰਫਾ ਹਮਲਾ ਬੋਲਿਆ ਜਾ ਰਿਹਾ ਹੈ। ਬਰਨਾਲਾ ਦੀ ਰੈਲੀ ਵਿੱਚ ਇਸ ਸਾਜਿਸ਼ ਦੇ ਖ਼ਿਲਾਫ਼ ਵੀ ਕਿਸਾਨਾਂ ਨੂੰ ਜਥੇਬੰਦ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *