ਪਲਾਸਟਿਕ ਪ੍ਰਦੂਸ਼ਣ ਵਧਾਉਣ ਦੇ ਮਾਮਲੇ ’ਚ ਪੈਪਸੀ ਅਤੇ ਕੋਕ ‘ਤੇ ਕੇਸ ਦਰਜ
ਕੈਲੀਫੋਰਨੀਆ, 1 ਨਵੰਬਰ,ਬੋਲੇ ਪੰਜਾਬ ਬਿਊਰੋ :
ਲਾਸ ਏਂਜਲਸ ਕਾਉਂਟੀ (ਕੈਲੀਫੋਰਨੀਆ) ਨੇ ਪਲਾਸਟਿਕ ਪ੍ਰਦੂਸ਼ਣ ਵਧਾਉਣ ਦੇ ਮਾਮਲੇ ’ਚ ਪੈਪਸੀ ਅਤੇ ਕੋਕ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਲਾਸ ਏਂਜਲਸ ਕਾਉਂਟੀ ਨੇ ਦਾਇਰ ਮੁਕੱਦਮੇ ਵਿੱਚ ਦੋਸ਼ ਲਾਇਆ ਹੈ ਕਿ ”ਪੈਪਸੀਕੋ” ਅਤੇ ”ਕੋਕਾ-ਕੋਲਾ” ਨੇ ਆਪਣੀਆਂ ਪਲਾਸਟਿਕ ਦੀਆਂ ਬੋਤਲਾਂ ਦੀ ਰੀਸਾਈਕਲਿੰਗ ਬਾਰੇ ਜਨਤਾ ਨੂੰ ਗੁੰਮਰਾਹ ਕੀਤਾ ਅਤੇ ਪਲਾਸਟਿਕ ਦੇ ਨਕਰਾਤਮਕ ਵਾਤਾਵਰਣ ਅਤੇ ਸਿਹਤ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰ ਕੇ ਦਿਖਾਇਆ।
ਲਾਸ ਏਂਜਲਸ ਕਾਉਂਟੀ ਦੇ ਸੁਪਰਵਾਈਜ਼ਰ ਲਿੰਡਸੇ ਹੌਰਵਥ ਨੇ ਇੱਕ ਬਿਆਨ ਵਿੱਚ ਕਿਹਾ, “ਕੋਕ ਅਤੇ ਪੈਪਸੀ ਨੂੰ ਧੋਖਾਧੜੀ ਨੂੰ ਰੋਕਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਉਤਪਾਦਾਂ ਕਾਰਨ ਹੋਣ ਵਾਲੇ ਪਲਾਸਟਿਕ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਲਾਸ ਏਂਜਲਸ ਕਾਉਂਟੀ ਉਨ੍ਹਾਂ ਕੰਪਨੀਆਂ ਖ਼ਿਲਾਫ਼ ਕਾਰਵਾਈ ਕਰਨਾ ਜਾਰੀ ਰੱਖੇਗੀ ਜੋ ਧੋਖੇਬਾਜ਼ ਅਤੇ ਗੈਰ-ਉਚਿਤ ਵਪਾਰਕ ਅਭਿਆਸਾਂ ਵਿੱਚ ਸ਼ਾਮਲ ਹਨ ਅਤੇ ਜੋ ਵਾਤਾਵਰਣ ‘ਤੇ ਗੰਭੀਰ ਪ੍ਰਭਾਵ ਪਾਉਂਦੀਆਂ ਹਨ।”
ਗਲੋਬਲ ਵਾਤਾਵਰਣ ਸਮੂਹ ਬ੍ਰੇਕ ਫ੍ਰੀ ਫਰਮ ਪਲਾਸਟਿਕ ਅਨੁਸਾਰ ਦੋਵੇਂ ਕੰਪਨੀਆਂ ਪੰਜ ਸਾਲਾਂ ਤੋਂ ਵਿਸ਼ਵ ਦੇ ਪਲਾਸਟਿਕ ਪ੍ਰਦੂਸ਼ਕਾਂ ਵਿਚ ਸ਼ਾਮਲ ਰਹੀਆਂ ਹਨ ਅਤੇ ਕੋਕਾ-ਕੋਲਾ ਇਸ ਮਾਮਲੇ ਵਿਚ ਛੇ ਸਾਲਾਂ ਤੋਂ ਸਭ ਤੋਂ ਉੱਪਰ ਹੈ। ‘ਬ੍ਰੇਕ ਫ੍ਰੀ ਫਰਾਮ ਪਲਾਸਟਿਕ’ ਅਨੁਸਾਰ ਪੈਪਸੀਕੋ ਸਾਲਾਨਾ ਲਗਭਗ 25 ਲੱਖ ਮੀਟ੍ਰਿਕ ਟਨ ਪਲਾਸਟਿਕ ਦਾ ਉਤਪਾਦਨ ਕਰਦੀ ਹੈ, ਜਦੋਂ ਕਿ ਕੋਕਾ-ਕੋਲਾ ਸਾਲਾਨਾ ਲਗਭਗ 32 ਲੱਖ 24 ਹਜ਼ਾਰ ਮੀਟ੍ਰਿਕ ਟਨ ਪਲਾਸਟਿਕ ਦਾ ਉਤਪਾਦਨ ਕਰਦੀ ਹੈ। ਇੱਕ EU ਖਪਤਕਾਰ ਸੁਰੱਖਿਆ ਸਮੂਹ ਅਤੇ ਵਾਤਾਵਰਣ ਸੰਗਠਨਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਕੋਕਾ-ਕੋਲਾ, ਨੇਸਲੇ ਅਤੇ ਡੈਨੋਨ ਖ਼ਿਲਾਫ਼ ਇੱਕ ਕਾਨੂੰਨੀ ਸ਼ਿਕਾਇਤ ਦਾਇਰ ਕੀਤੀ ਸੀ, ਜਿਸ ਵਿਚ ਉਨ੍ਹਾਂ ‘ਤੇ ਆਪਣੀ ਪੈਕੇਜਿੰਗ 100 ਪ੍ਰਤੀਸ਼ਤ ਰੀਸਾਈਕਲ ਹੋਣ ਦਾ ਦਾਅਵਾ ਕਰਕੇ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਸੀ।