ਸਪੇਨ ‘ਚ ਹੜਾਂ ਕਾਰਨ ਤਬਾਹੀ, 95 ਲੋਕਾਂ ਦੀ ਮੌਤ
ਮੈਡਰਿਡ, 31 ਅਕਤੂਬਰ,ਬੋਲੇ ਪੰਜਾਬ ਬਿਊਰੋ :
ਸਪੇਨ ਦੇ ਪੂਰਬੀ ਅਤੇ ਦੱਖਣੀ ਹਿੱਸਿਆਂ ‘ਚ ਭਾਰੀ ਮੀਂਹ ਕਾਰਨ ਹੜ੍ਹ ਆਏ ਹੋਏ ਹਨ। ਇਸ ਵਿੱਚ ਕਈ ਵਾਹਨ ਵਹਿ ਗਏ। ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਅਤੇ ਰੇਲਵੇ ਲਾਈਨ ਅਤੇ ਹਾਈਵੇਅ ‘ਤੇ ਆਵਾਜਾਈ ਵਿਚ ਵਿਘਨ ਪਿਆ। ਪਿੰਡਾਂ ਦੀਆਂ ਗਲੀਆਂ ਦਰਿਆਵਾਂ ਵਿੱਚ ਬਦਲ ਗਈਆਂ ਹਨ। ਹੜ੍ਹ ‘ਚ ਘੱਟੋ-ਘੱਟ 95 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਰਾਸ਼ਟਰੀ ਮੌਸਮ ਸੇਵਾ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ‘ਚ ਤੂਫਾਨ ਦਾ ਪ੍ਰਭਾਵ ਵੀਰਵਾਰ ਤੱਕ ਜਾਰੀ ਰਹੇਗਾ।
ਪੂਰਬੀ ਵੈਲੇਂਸੀਆ ਵਿੱਚ ਐਮਰਜੈਂਸੀ ਸੇਵਾ ਨੇ ਬੁੱਧਵਾਰ ਨੂੰ 51 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਕੈਸਟੀਲਾ ਲਾ ਮੈਨਕਾ ਖੇਤਰ ਦੇ ਕੇਂਦਰੀ ਦਫ਼ਤਰ ਨੇ ਕੁਏਨਕਾ ਵਿੱਚ ਇੱਕ 88 ਸਾਲਾ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮਾਲਗਾ ਨੇੜੇ ਇੱਕ ਟਰੇਨ ਪਟੜੀ ਤੋਂ ਉਤਰ ਗਈ। ਇਸ ਵਿੱਚ 300 ਲੋਕ ਸਵਾਰ ਸਨ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਵੈਲੇਂਸੀਆ ਸ਼ਹਿਰ ਅਤੇ ਮੈਡ੍ਰਿਡ ਦੇ ਵਿਚਕਾਰ ਹਾਈ-ਸਪੀਡ ਰੇਲ ਸੇਵਾ ਵਿੱਚ ਵਿਘਨ ਪਿਆ ਹੈ। ਹੜ੍ਹਾਂ ਨੇ ਦੱਖਣ ਵਿੱਚ ਮਾਲਾਗਾ ਸੂਬੇ ਤੋਂ ਪੂਰਬ ਵਿੱਚ ਵੈਲੇਂਸੀਆ ਤੱਕ ਤਬਾਹੀ ਮਚਾਈ ਹੈ।