ਦਿਵਾਲੀ ਦੇ ਮੱਦੇਨਜ਼ਰ ਪੰਜਾਬ ਦੇ ਹਸਪਤਾਲਾਂ ਨੂੰ ਵਿਸ਼ੇਸ਼ ਹਿਦਾਇਤਾਂ ਜਾਰੀ
ਚੰਡੀਗੜ੍ਹ, 30 ਅਕਤੂਬਰ,ਬੋਲੇ ਪੰਜਾਬ ਬਿਊਰੋ :
ਦੀਵਾਲੀ ਮੌਕੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ 24 ਘੰਟੇ ਡਾਕਟਰ ਮੌਜੂਦ ਰਹਿਣਗੇ। ਪਟਾਕਿਆਂ ਅਤੇ ਹੋਰ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਲਈ ਸਾਰੇ ਜ਼ਿਲ੍ਹਿਆਂ ਦੇ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਹਸਪਤਾਲਾਂ ਵਿੱਚ ਐਮਰਜੈਂਸੀ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਢੁਕਵਾਂ ਸਟਾਕ ਰੱਖਿਆ ਗਿਆ ਹੈ।
ਪਟਾਕਿਆਂ ਕਾਰਨ ਅੱਖਾਂ ‘ਤੇ ਸੱਟ ਲੱਗਣ, ਬਰਨ ਸਕਿਨ, ਪਲਾਸਟਿਕ ਸਰਜਰੀ ਅਤੇ ਝੁਲਸਣ ਵਾਲੇ ਲੋਕਾਂ ਲਈ ਡਾਕਟਰਾਂ ਨੂੰ ਐਮਰਜੈਂਸੀ ਵਿਚ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਸਿਹਤ ਸੇਵਾਵਾਂ ਦੇ ਡਾਇਰੈਕਟਰ ਨੇ ਸਾਰੇ ਜ਼ਿਲ੍ਹਿਆਂ ਦੇ ਹਸਪਤਾਲ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕਰਕੇ ਚੌਕਸ ਰਹਿਣ ਲਈ ਕਿਹਾ ਹੈ।
ਸਿਹਤ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਦਵਾਈਆਂ ਦੇ ਸਟਾਕ ਤੋਂ ਲੈ ਕੇ ਮਰੀਜ਼ਾਂ ਦੇ ਬੈੱਡ ਰਿਜ਼ਰਵੇਸ਼ਨ ਅਤੇ ਡਾਕਟਰਾਂ ਦੀ ਤਾਇਨਾਤੀ ਤੱਕ ਹਰ ਚੀਜ਼ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਗਿਆ ਹੈ ਤਾਂ ਜੋ ਮਰੀਜ਼ਾਂ ਨੂੰ ਤੁਰੰਤ ਅਤੇ ਸਮੇਂ ਸਿਰ ਇਲਾਜ ਮਿਲ ਸਕੇ। ਸਾਰੇ ਹਸਪਤਾਲਾਂ ਦੇ ਮਾਹਿਰਾਂ ਨੂੰ ਦੀਵਾਲੀ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।