ਅਮਰੀਕਾ ਵਲੋਂ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਨ ਵਾਲੇ 1,100 ਭਾਰਤੀ ਡੀਪੋਰਟ
ਵਾਸਿੰਗਟਨ, 30 ਅਕਤੂਬਰ,ਬੋਲੇ ਪੰਜਾਬ ਬਿਊਰੋ :
ਅਮਰੀਕਾ ਨੇ ਇਕ ਸਾਲ ਤੋਂ ਗ਼ੈਰਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 1,100 ਭਾਰਤੀਆਂ ਨੂੰ ਵਤਨ ਵਾਪਸ ਭੇਜਿਆ ਹੈ। ਅਮਰੀਕਾ ਦੇ ਗ੍ਰਹਿ ਤੇ ਅੰਦਰੱਖਿਆ ਵਿਭਾਗ ਦੀ ਬਾਰਡਰ ਐਂਡ ਇਮੀਗ੍ਰੇਸ਼ਨ ਪਾਲਿਸੀ ਦੀ ਅਸਿਸਟੈਂਟ ਸੈਕ੍ਰੇਟਰੀ ਰੋਜ਼ ਮੱਰੇ ਨੇ ਆਨਲਾਈਨ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਡਿਪੋਰਟ ਕੀਤੇ ਗਏ ਭਾਰਤੀਆਂ ਵਿਚੋਂ ਜ਼ਿਆਦਾਤਰ ਕਿਹੜੇ ਸੂਬੇ ਤੋਂ ਹਨ ਪਰ ਇਨ੍ਹਾਂ ਵਿਚ ਪੰਜਾਬ ਤੇ ਇਸ ਦੇ ਆਸ-ਪਾਸ ਦੇ ਅਜਿਹੇ ਭਾਰਤੀ ਸ਼ਾਮਲ ਹਨ, ਜੋ ਮੈਕਸੀਕੋ ਤੇ ਕੈਨੇਡਾ ਦਾ ਬਾਰਡਰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰ ਕੇ ਅਮਰੀਕਾ ਗਏ ਸਨ।
ਅਮਰੀਕਾ ਦੇ ਹੋਮਲੈਂਡ ਸਕਿਊਰਿਟੀ ਵਿਭਾਗ ’ਚ ਸਰਹੱਦੀ ਅਤੇ ਇਮੀਗਰੇਸ਼ਨ ਨੀਤੀ ਦੀ ਸਹਾਇਕ ਸਕੱਤਰ ਰੌਇਸ ਬਰਨਸਟੀਨ ਮੱਰੇ ਨੇ ਆਨਲਾਈਨ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕੀ ਵਿੱਤੀ ਵਰ੍ਹੇ 2024 ’ਚ, ਜੋ 30 ਸਤੰਬਰ ਨੂੰ ਖ਼ਤਮ ਹੋਇਆ ਹੈ, ਮੁਲਕ ਨੇ 1,100 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ।
ਮੱਰੇ ਨੇ ਕਿਹਾ ਕਿ ਅਮਰੀਕਾ ਕੋਲ ਇਹ ਦੱਸਣ ਲਈ ਪੂਰਾ ਵੇਰਵਾ ਨਹੀਂ ਹੈ ਕਿ ਡਿਪੋਰਟ ਕੀਤੇ ਵਿਅਕਤੀਆਂ ’ਚੋਂ ਕਿਹੜਾ ਪੰਜਾਬ ਜਾਂ ਕਿਸੇ ਹੋਰ ਸੂਬੇ ਦਾ ਵਸਨੀਕ ਹੈ। ਉਂਝ ਮੱਰੇ ਨੇ ਕਿਹਾ ਕਿ 22 ਅਕਤੂਬਰ ਨੂੰ ਚਾਰਟਰਡ ਉਡਾਣ ਪੰਜਾਬ ਦੇ ਹਵਾਈ ਅੱਡੇ ’ਤੇ ਉਤਰੀ ਸੀ। ਜਹਾਜ਼ ’ਚ ਕਰੀਬ 100 ਵਿਅਕਤੀ ਸਵਾਰ ਸਨ।
ਮੱਰੇ ਨੇ ਕਿਹਾ ਕਿ ਡਿਪੋਰਟ ਕੀਤੇ ਗਏ ਜ਼ਿਆਦਾਤਰ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਮੈਕਸੀਕੋ ਤੇ ਕੈਨੇਡਾ ਦਾ ਬਾਰਡਰ ਪਾਰ ਕਰ ਕੇ ਅਮਰੀਕਾ ਗਏ ਸਨ। ਇਨ੍ਹਾਂ ਵਿਚੋਂ ਕਿਸੇ ਕੋਲ ਵੀ ਅਮਰੀਕਾ ’ਚ ਰਹਿਣ ਦਾ ਜਾਇਜ਼ ਕਾਰਨ ਨਹੀਂ ਸੀ। ਡਿਪੋਰਟ ਕੀਤੇ ਗਏ ਭਾਰਤੀਆਂ ਵਿਚ ਕੋਈ ਵੀ ਸ਼ਰਨਾਰਥੀ ਵਾਲੀ ਕੈਟਾਗਰੀ ਵਿਚ ਨਹੀਂ ਸੀ।