ਪੀ ਟੀ ਆਈ ਤੋਂ ਪਦ ਉੱਨਤ ਹੋਏ ਡੀ ਪੀ ਈ ਨੂੰ ਸਟੇਸ਼ਨ ਚੋਣ ਕਰਵਾਈ ਜਾਵੇ: ਡੀ ਟੀ ਐੱਫ
ਸ਼੍ਰੀ ਮੁਕਤਸਰ ਸਾਹਿਬ,ਬੋਲੇ ਪੰਜਾਬ ਬਿਊਰੋ :
ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਚਾਰ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਬਰਨਾਲਾ, ਸ਼੍ਰੀ ਮੁਕਤਸਰ ਸਾਹਿਬ ਦੇ ਪਦ ਉੱਨਤ ਹੋਏ ਲੈਕਚਰਾਰਾਂ ਦੀ ਬਿਨਾਂ ਠੋਸ ਕਾਰਨ ਰੋਕੀ ਸਟੇਸ਼ਨ ਅਲਾਟਮੈਂਟ ਦਾ ਗੰਭੀਰ ਨੋਟਿਸ ਲੈਂਦਿਆਂ ਮੰਗ ਕੀਤੀ ਹੈ ਪਦ ਉੱਨਤ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਲਈ ਤੁਰੰਤ ਸੱਦਿਆ ਜਾਵੇ ਅਤੇ ਪੀ ਟੀ ਆਈ ਤੋਂ ਪਦ ਉੱਨਤ ਹੋਏ ਡੀ ਪੀ ਈ ਨੂੰ ਸਟੇਸ਼ਨ ਚੋਣ ਕਰਵਾਈ ਜਾਵੇ ਕਿਉਂਕਿ ਤਰੱਕੀ ਪ੍ਰਕਿਰਿਆ ਚੋਣ ਜ਼ਾਬਤੇ ਲੱਗਣ ਤੋਂ ਪਹਿਲਾਂ ਦੀ ਚੱਲ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਮਿਲੇ ਵਫ਼ਦ ਨੂੰ ਡਾਇਰੈਕਟਰ ਸਕੂਲ ਸਿੱਖਿਆ (ਸ) ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਰਹਿੰਦੇ ਚਾਰ ਜਿਲ਼੍ਹਿਆਂ ਦੇ ਸਟੇਸ਼ਨ ਅਲਾਟਮੈਂਟ ਦੀ ਪ੍ਰਵਾਨਗੀ ਲਈ ਫਾਈਲ ਚੋਣ ਕਮਿਸ਼ਨ ਪੰਜਾਬ ਨੂੰ ਜਲਦੀ ਭੇਜੀ ਜਾ ਰਹੀ ਹੈ ਪਰ ਅਜੇ ਤੱਕ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਨਹੀਂ ਹੋਈ ਜਿਸ ਦੀ ਡੀ ਟੀ ਐਫ ਪੰਜਾਬ ਸਖ਼ਤ ਨਿਖੇਧੀ ਕਰਦੀ ਹੈ। ਜੱਥੇਬੰਦੀ ਮੰਗ ਕਰਦੀ ਹੈ ਕਿ ਚਾਰਾਂ ਜ਼ਿਲ੍ਹਿਆਂ ਦੇ ਪੰਜਾਬੀ, ਮੈਥ , ਇਕਨਾਮਕਸ, ਬਾਇਉਲੋਜੀ , ਕਮਿਸਟਰੀ, ਪੋਲ ਸਾਂਇਸ, ਅੰਗਰੇਜ਼ੀ, ਫਿਜਿਕਸ ਆਦਿ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਜਲਦੀ ਤੋਂ ਜਲਦੀ ਸਟੇਸ਼ਨ ਅਲਾਟਮੈਂਟ ਕਰਨਾ ਯਕੀਨੀ ਬਣਾਇਆ ਜਾਵੇ। ਇਸਤੋਂ ਇਲਾਵਾ ਵਿਭਾਗ ਵੱਲੋਂ ਪੀ ਟੀ ਆਈ ਅਧਿਆਪਕਾਂ ਦੀਆਂ ਤਰੱਕੀਆਂ ਕਰਕੇ ਡੀ ਪੀ ਈ ਬਣਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਹਾਲੇ ਤੱਕ ਸਟੇਸ਼ਨ ਚੋਣ ਲਈ ਸੱਦਿਆ ਤੱਕ ਨਹੀਂ ਗਿਆ ਜੋ ਕਿ ਸਿੱਖਿਆ ਵਿਭਾਗ ਦੇ ਤਰੱਕੀਆਂ ਪ੍ਰਤੀ ਢਿੱਲਮੁੱਲ ਵਾਲੇ ਨਜ਼ਰੀਏ ਦਾ ਹੀ ਸੰਕੇਤ ਹੈ। ਆਗੂਆਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਦੋਸ਼ ਲਾਇਆ ਕਿ ਜਦੋਂ ਵਿਭਾਗ ਨੂੰ ਸਕੂਲਾਂ ਤੋਂ ਜਾਂ ਅਧਿਆਪਕਾਂ ਤੋਂ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਤਾਂ ਉਦੋਂ ਤਰੁੰਤ/ ਸਮਾਂ ਬੱਧ/ਮਿਤੀ ਬੱਧ/ ਸਕੂਲ ਛੱਡਣ ਤੋਂ ਪਹਿਲਾਂ ਦੇ ਹੁਕਮਾਂ ਨਾਲ ਮੰਗੀ ਜਾਂਦੀ ਹੈ ਅਤੇ ਅਧਿਆਪਕ ਉਨ੍ਹਾਂ ਤਰੁੰਤ/ ਸਮਾਂ ਬੱਧ/ਮਿਤੀ ਬੱਧ/ ਸਕੂਲ ਛੱਡਣ ਤੋਂ ਪਹਿਲਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਪਰ ਜਦੋਂ ਅਧਿਆਪਕਾਂ ਦੀਆਂ ਤਰੱਕੀਆਂ ਦਾ ਮਸਲਾ ਸਾਹਮਣੇ ਆ ਜਾਂਦਾ ਹੈ ਵਿਭਾਗ ਕੱਛੂ ਦੀ ਸੁਸਤ ਚਾਲ ਨਾਲ ਕੰਮ ਕਰਦਾ ਹੈ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਦੀ ਅਧਿਆਪਕਾਂ ਦੀ ਤਰੱਕੀਆਂ ਸਬੰਧੀ ਚਾਲ ਵਿੱਚ ਸੁਧਾਰ ਕੀਤਾ ਜਾਵੇ ਅਤੇ ਤਰੱਕੀ ਉਪਰੰਤ ਅਧਿਆਪਕਾਂ ਨੂੰ ਸਾਰੇ ਸਟੇਸ਼ਨ ਖੋਲ੍ਹਦੇ ਹੋਏ ਸਟੇਸ਼ਨ ਅਲਾਟਮੈਂਟ ਕੀਤੀ ਜਾਵੇ।ਇਸ ਮੌਕੇ ਪ੍ਰਮਾਤਮਾ ਸਿੰਘ, ਰਵੀ ਕੁਮਾਰ, ਜਸਵੰਤ ਅਹੂਜਾ, ਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਪਵਨ ਚੌਧਰੀ, ਮਨਿੰਦਰ ਸਿੰਘ, ਮੋਹਿਤ ਕੁਮਾਰ, ਕੰਵਲਜੀਤ ਪਾਲ, ਮਿੱਠੂ ਰਾਮ, ਮੁਕੇਸ਼ ਗੋਇਲ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ ।