ਪੰਜਾਬ: ਮਾਨਸਾ ‘ਚ ਪੈਟਰੋਲ ਪੰਪ ‘ਤੇ ਗ੍ਰੇਨੇਡ ਹਮਲਾ, 5 ਕਰੋੜ ਦੀ ਫਿਰੌਤੀ ਮੰਗੀ
ਚੰਡੀਗੜ੍ਹ, 28 ਅਕਤੂਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮਾਨਸਾ ‘ਚ ਸਿਰਸਾ ਰੋਡ ‘ਤੇ ਸਥਿਤ ਇਕ ਪੈਟਰੋਲ ਪੰਪ ‘ਤੇ ਬੀਤੀ ਰਾਤ ਹੈਂਡ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੈਟਰੋਲ ਪੰਪ ਮਾਲਕ ਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਕਾਲ ਆਈ ਅਤੇ ਉਸ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਧਮਾਕੇ ਤੋਂ ਬਾਅਦ ਪੁਲਿਸ ਜਾਂਚ ‘ਚ ਜੁਟੀ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 1 ਵਜੇ ਸਿਰਸਾ ਰੋਡ ‘ਤੇ ਸਥਿਤ ਇਕ ਪੈਟਰੋਲ ਪੰਪ ‘ਤੇ ਬੰਬ ਵਰਗੀ ਚੀਜ਼ ਸੁੱਟ ਕੇ ਧਮਾਕਾ ਕੀਤਾ ਗਿਆ। ਜਿਸ ਤੋਂ ਬਾਅਦ ਪੰਪ ਦੇ ਮਾਲਕ ਨੂੰ ਵਟਸਐਪ ਕਾਲ ਰਾਹੀਂ ਵਿਦੇਸ਼ੀ ਨੰਬਰ ਤੋਂ ਫੋਨ ਅਤੇ ਮੈਸੇਜ ਕੀਤਾ ਗਿਆ। ਧਮਾਕੇ ਦੀ ਜ਼ਿੰਮੇਵਾਰੀ ਲਈ ਗਈ। ਕਿਹਾ ਗਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ‘ਤੇ ਉਨ੍ਹਾਂ ਨੇ ਗ੍ਰਨੇਡ ਸੁੱਟਿਆ ਹੈ ਅਤੇ ਇਹ ਤਾਂ ਸਿਰਫ ਟ੍ਰੇਲਰ ਹੈ। ਜੇਕਰ ਉਨ੍ਹਾਂ ਨੂੰ 5 ਕਰੋੜ ਰੁਪਏ ਨਹੀਂ ਦਿੱਤੇ ਤਾਂ ਉਨ੍ਹਾਂ ਦੇ ਘਰ ‘ਤੇ ਹਮਲਾ ਕਰਕੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।
ਇਸ ਸਬੰਧੀ ਪੈਟਰੋਲ ਪੰਪ ਮਾਲਕ ਖੁਸ਼ਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।