ਮੁਸਲਮਾਨਾਂ ਅਤੇ ਸਿੱਖਾਂ ਵੱਲੋਂ ਸੰਵਿਧਾਨਕ ਹੱਕਾਂ ਨੂੰ ਲਾਗੂ ਕਰਵਾਉਣ ਲਈ ਸਾਂਝਾ ਪਲੇਟਫਾਰਮ ਖੜ੍ਹਾ ਕਰਨ ਦਾ ਫੈਸਲਾ
ਚੰਡੀਗੜ੍ਹ 28 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸੱਭਿਆਚਾਰਕ/ਸਮਾਜਿਕ ਖੇਤਰ ਵਿੱਚ ਸਰਗਰਮ ਮੁਸਲਮਾਨ ਕਾਰਕੁੰਨ ਅਤੇ ਸਿੱਖ ਵਿਚਾਰਵਾਨ ਐਤਵਾਰ ਨੂੰ ਇਥੇ ਇਕੱਠੇ ਹੋਏ ਅਤੇ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸੰਵਿਧਾਨਕ ਅਤੇ ਬਰਾਬਰ ਦੇ ਮੁਢਲੇ ਹੱਕਾਂ ਨੂੰ ਲਾਗੂ ਕਰਵਾਉਣ ਲਈ ਇਕ ਸਾਂਝਾ ਪਲੇਟਫਾਰਮ ਖੜ੍ਹਾ ਕਰਨ ਦਾ ਫੈਸਲਾ ਕੀਤਾ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੇ ਕੰਪਲੈਕਸ ਵਿੱਚ ਹੋਈ ਦਿਨ-ਭਰ-ਮੀਟਿੰਗ ਵਿੱਚ ਸਾਂਝੇ ਪਲੇਟਫਾਰਮ ਦਾ ਨਾਮ ਰੱਖਣ ਅਤੇ ਚਾਰਟਰ ਬਣਾਉਣ ਲਈ ਅਗਲੀ ਮਿਲਣੀ ਜਲਦੀ ਕਰਨ ਦਾ ਫੈਸਲਾ ਕੀਤਾ ਗਿਆ। ਪਰ ਸਿਧਾਂਤਕ ਤੌਰ ਉੱਤੇ ਦੇਸ਼ ਭਰ ਵਿੱਚੋਂ 50 ਮੁਸਲਮਾਨ ਪ੍ਰਤੀਨਿਧ ਅਤੇ ਸਿੱਖ ਵਿਚਾਰਵਾਨ ਇਸ ਨੁਕਤੇ ਉੱਤੇ ਇਕ ਮਤ ਸਨ ਕਿ ਹਿੰਦੂਤਵ ਦੀ ਚੜ੍ਹਤ ਕਰਕੇ, ਘੱਟ-ਗਿਣਤੀਆਂ ਅਤੇ ਦਲਿਤਾਂ ਦੀ ਸਿਆਸੀ/ਸੱਭਿਆਚਾਰਕ ਸਪੇਸ ਬਹੁਤ ਹੀ ਸੁੰਗੜ ਗਈ ਹੈ ਅਤੇ ਉਹਨਾਂ ਨੂੰ ਸਮਾਜਿਕ ਅਤੇ ਕਾਨੂੰਨੀ ਸੰਵਿਧਾਨਕ ਬਰਾਬਰ ਦੇ ਨਾਗਰਿਕ ਅਧਿਕਾਰਾਂ ਤੋਂ ਵਾਂਝਾ ਹੀ ਕਰ ਦਿੱਤਾ ਹੈ।
ਦੇਸ਼ ਦੀ ਕਾਰਜ ਪ੍ਰਣਾਲੀ ਇੰਤਜਾਮੀਆ ਮਸ਼ੀਨਰੀ ਅਤੇ ਕਾਨੂੰਨੀ ਵਿਵਸਥਾ ਦੇ ਜ਼ਾਹਰਾ ਵਿਤਕਰੇ ਭਰੇ ਰਵੱਈਏ ਕਾਰਨ ਘੱਟ ਗਿਣਤੀਆਂ ਅਤੇ ਦਲਿਤਾਂ ਨਾਲ “ਦੂਜੇ ਨੰਬਰ” ਦੇ ਸ਼ਹਿਰੀ ਹੋਣ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜਿਸ ਕਰਕੇ, ਘੱਟਗਿਣਤੀਆਂ ਨੂੰ ‘ਅੱਤਵਾਦੀ’ ਪੇਸ਼ ਕਰਕੇ ਉਹਨਾਂ ਨੂੰ ਹਿੰਸਕ, ਧਾਰਮਿਕ/ਸਭਿਆਚਾਰ ਧੱਕੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਦੇਸ਼ ਦੀ ਰਾਜਨੀਤੀ ਨੇ 1980ਵੇਂ ਤੋਂ, ਜਮਹੂਰੀਅਤ ਨੂੰ ਤਿਲਾਂਜਲੀ ਦੇਣਾ ਸ਼ੁਰੂ ਕੀਤਾ ਅਤੇ “ਵੋਟ ਬੈਂਕ” ਦੀਆਂ ਗਿਣਤੀਆਂ ਮਿਣਤੀਆਂ ਅਤੇ ਲੁਫਾਊ ਨਾਹਰਿਆਂ ਰਾਹੀਂ ਹਿੰਦੂਤਵ ਨੂੰ ਤਕੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਰਾਸ਼ਟਰਵਾਦੀ ਪ੍ਰਕਿਰਿਆ ਨੂੰ ਬਲ ਮਿਲਿਆ ਅਤੇ ਘੱਟ ਗਿਣਤੀਆਂ ਨੂੰ ਦੇਸ਼ ਵਿਰੋਧੀ ਗਰਦਾਨਿਆ ਗਿਆ।
ਸਿੱਖ ਵਿਚਾਰਵਾਨਾਂ ਦਾ ਮੱਤ ਸੀ ਕਿ 1980ਵੇਂ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖੁੱਦ ਹਿੰਦੂਤਵ ਨੀਤੀਆਂ ਅਪਣਾਈਆਂ, ਜਿਸ ਕਰਕੇ ਫੌਜ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਭੇਜੀ ਗਈ ਅਤੇ ਨਵੰਬਰ 84 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ।
ਮੁਸਲਮਾਨ ਅਤੇ ਸਿੱਖ ਬੁਲਾਰਿਆਂ ਨੇ ਸਵੀਕਾਰ ਕੀਤਾ ਕਿ ਦੋਨਾਂ ਭਾਈਚਾਰਿਆਂ ਦੇ ਸੱਭਿਆਚਾਰਕ/ਧਾਰਮਿਕ ਲੀਡਰਾਂ ਨੇ ਇਕ ਦੂਜੇ ਉੱਤੇ ਹੋਏ ਜ਼ੁਲਮਾਂ ਵਿਰੁੱਧ ਹਾ-ਦਾ-ਨਾਹਰਾ ਨਹੀਂ ਮਾਰਿਆ। ਜਦੋਂ ਕਿ ਦੋਨੋਂ ਫਿਰਕੇ ਵਾਰੀ ਵਾਰੀ ਸਰਕਾਰੀ/ਸੰਗਠਤ ਹਮਲਿਆਂ ਦੇ ਸ਼ਿਕਾਰ ਹੋਏ। ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਸਾਨੂੰ ਇਕ-ਦੂਜੇ ਦੇ ਦੁੱਖ ਦਾ ਦਾਰੂ ਬਣਨਾ ਚਾਹੀਦਾ ਹੈ।
ਮੁਸਲਮਾਨ ਕਾਰਕੁੰਨ ਭੁਪਾਲ, ਹੈਦਰਾਬਾਦ, ਪਟਨਾ, ਸਹਾਰਨਪੁਰ, ਕਸ਼ਮੀਰ, ਮਨੀਪੁਰ, ਮਹਾਰਾਸ਼ਟਰ, ਪੂਨੇ, ਹਰਿਆਣਾ ਅਤੇ ਦਿੱਲੀ ਆਦਿ ਥਾਵਾਂ ਤੋਂ ਪਹੁੰਚੇ ਹੋਏ ਸਨ।
ਇਸ ਮੌਕੇ ਦਇਆ ਸਿੰਘ (ਪ੍ਰਧਾਨ ਆਲ ਇੰਡੀਆ ਪੀਸ ਮਿਸ਼ਨ), ਕੈਪਟਨ ਗੁਰਦੀਪ ਸਿੰਘ ਘੁੰਮਣ (ਸਿਵਲ ਸੁਸਾਇਟੀ ਚੰਡੀਗੜ੍ਹ), ਡੀ.ਜੀ. ਪੀ ਅਨਸਾਰੀ,ਸ਼ਰਫਉੱਦੀਨ ਦਿੱਲੀ, ਹਬੀਬ ਅਹਿਮਦ ਪੂਨੇ, ਮੀਰਵਾਇਜ਼ ਕਸ਼ਮੀਰ, ਅਨਵਰ ਹੁਸੈਨ ਪਟਨਾ, ਡਾ. ਮਹੁੰਮਦ ਅਸਲਮ ਖਾਨ ਸਹਾਰਨਪੁਰ, ਜਸਪਾਲ ਸਿੰਘ ਪੱਤਰਕਾਰ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ) ਡਾ. ਖੁਸ਼ਹਾਲ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਆਦਿ ਸ਼ਾਮਿਲ ਹੋਏ।