ਭਾਜਪਾ ਆਗੂ ਸ. ਆਰਪੀ ਸਿੰਘ ਸ਼੍ਰੋਮਣੀ ਕਮੇਟੀ ਵਿਰੁੱਧ ਗਲਤ ਬਿਆਨਬਾਜ਼ੀ ਕਰਨ ਤੋਂ ਬਾਜ਼ ਆਉਣ – ਐਡਵੋਕੇਟ ਧਾਮੀ

ਪੰਜਾਬ

ਭਾਜਪਾ ਆਗੂ ਸ. ਆਰਪੀ ਸਿੰਘ ਸ਼੍ਰੋਮਣੀ ਕਮੇਟੀ ਵਿਰੁੱਧ ਗਲਤ ਬਿਆਨਬਾਜ਼ੀ ਕਰਨ ਤੋਂ ਬਾਜ਼ ਆਉਣ – ਐਡਵੋਕੇਟ ਧਾਮੀ

ਅੰਮ੍ਰਿਤਸਰ, 25 ਅਕਤੂਬਰ,ਬੋਲੇ ਪੰਜਾਬ ਬਿਊਰੋ ;


ਭਾਰਤੀ ਜਨਤਾ ਪਾਰਟੀ ਦੇ ਆਗੂ ਸ. ਆਰਪੀ ਸਿੰਘ ਵੱਲੋਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਕੀਤੀ ਗਈ ਗ਼ਲਤ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ. ਆਰਪੀ ਸਿੰਘ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਅੰਗਰੇਜ਼ ਸਰਕਾਰ ਦੇ ਹੱਥੋਂ ਖੋਹ ਕੇ ਪੰਥਕ ਭਾਵਨਾਵਾਂ ਅਨੁਸਾਰ ਚਲਾਉਣ ਲਈ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸੰਸਥਾ ਹੈ। ਇਸ ਸੰਸਥਾ ਨੇ ਆਪਣੇ 104 ਸਾਲ ਦੇ ਇਤਿਹਾਸ ਅੰਦਰ ਸਿੱਖੀ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਵਿਦਿਆ, ਸਿਹਤ ਤੇ ਖੇਡਾਂ ’ਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ. ਆਰਪੀ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਵਿਗਾੜ ਕੇ ‘ਸ਼੍ਰੋਮਣੀ ਕ੍ਰਿਸਚਨ ਕਮੇਟੀ’ ਵਜੋਂ ਸੰਬੋਧਤ ਹੋਣਾ ਉਨ੍ਹਾਂ ਦੀ ਬੌਧਿਕ ਕੰਗਾਲੀ ਅਤੇ ਪੰਥਕ ਸਮਝ ਦੇ ਪੇਤਲੇਪਨ ਨੂੰ ਦਰਸਾਉਂਦਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ. ਆਰਪੀ ਸਿੰਘ ਵੱਲੋਂ ਕੀਤੀ ਗਈ ਗ਼ਲਤ ਬਿਆਨਬਾਜ਼ੀ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਹੈ। ਉਹ ਇਸ ਕੋਝੀ ਹਰਕਤ ਲਈ ਤੁਰੰਤ ਮੁਆਫ਼ੀ ਮੰਗਣ ਅਤੇ ਅਗਾਂਹ ਤੋਂ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਜੇਕਰ ਸ. ਆਰਪੀ ਸਿੰਘ ਅਜਿਹੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਸ਼੍ਰੋਮਣੀ ਕਮੇਟੀ ਇਸ ਵਿਰੁੱਧ ਕਾਨੂੰਨੀ ਕਰਨ ਲਈ ਮਜ਼ਬੂਰ ਹੋਵੇਗੀ।

Leave a Reply

Your email address will not be published. Required fields are marked *