ਪੰਜਾਬ ਪੁਲਸ ਦੀ ਮਹਿਲਾ ਐੱਸ.ਐੱਚ.ਓ ‘ਤੇ ਰਿਸ਼ਵਤ ਲੈਣ ਦਾ ਕੇਸ ਦਰਜ
ਮੋਗਾ, 24 ਅਕਤੂਬਰ,ਬੋਲੇ ਪੰਜਾਬ ਬਿਊਰੋ :
ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਵਿਖੇ ਤਾਇਨਾਤ ਐੱਸ.ਐੱਚ.ਓ ਅਰਸ਼ਪ੍ਰੀਤ ਕੌਰ ਗਰੇਵਾਲ ਵਿਰੁੱਧ ਰਿਸ਼ਵਤ ਲੈ ਕੇ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਇਲਜਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ 1 ਅਕਤੂਬਰ ਨੂੰ ਅਫ਼ੀਮ ਦੇ ਮਾਮਲੇ ਵਿਚ ਦਰਜ ਇਕ ਮੁਕੱਦਮੇ ਵਿਚ 5 ਲੱਖ ਰੁਪਏ ਰਿਸ਼ਵਤ ਲਈ ਸੀ।
ਡੀ. ਐੱਸ. ਪੀ. ਧਰਮਕੋਟ ਰਮਨਦੀਪ ਸਿੰਘ ਨੂੰ ਕਿਸੇ ਖਾਸ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਜੋ ਮੁਕੱਦਮਾ ਨੰਬਰ 131, 1 ਅਕਤੂਬਰ 2024 ਨੂੰ ਦਰਜ ਕੀਤਾ ਗਿਆ ਸੀ, ਉਸ ਵਿਚ 2 ਕਿਲੋ ਅਫ਼ੀਮ ਦੀ ਬਰਾਮਦਗੀ ਦਿਖਾਈ ਗਈ ਹੈ, ਜਿਸ ਵਿਚ ਅਮਰਜੀਤ ਸਿੰਘ ਸੋਨੂੰ ਨੂੰ ਨਾਮਜ਼ਦ ਕੀਤਾ ਗਿਆ। ਅਮਰਜੀਤ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਨਾਲ ਉਸ ਦਾ ਭਰਾ ਤੇ ਭਤੀਜਾ ਵੀ ਨਾਮਜ਼ਦ ਸਨ ਪਰ ਉਨ੍ਹਾਂ ਦੇ ਨਾਮ ਕੱਢ ਕੇ ਕੇਵਲ ਉਸ ਦਾ ਨਾਮ ਹੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ।
ਐੱਸ.ਐੱਚ.ਓ ਅਰਸ਼ਪ੍ਰੀਤ ਕੌਰ ਗਰੇਵਾਲ, ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਰਾਜਪਾਲ ਸਿੰਘ ਮੁੱਖ ਮੁਨਸ਼ੀ ਪੁਲਿਸ ਚੌਕੀ ਬਲਖੰਡੀ ਨੇ ਆਪਸ ਵਿਚ ਮਿਲ ਕੇ ਕਿਸੇ ਵਿਅਕਤੀ ਰਾਹੀਂ 8 ਲੱਖ ਰੁਪਏ ਵਿਚ ਸੌਦਾ ਕਰ ਕੇ 5 ਲੱਖ ਰੁਪਏ ਹਾਸਲ ਕਰ ਲਏ ਅਤੇ ਮਾਮਲਾ ਇਕੱਲੇ ਅਮਰਜੀਤ ਸਿੰਘ ਸੋਨੂੰ ’ਤੇ ਦਰਜ ਕਰ ਦਿੱਤਾ।
ਪੁਲਿਸ ਨੂੰ ਮਿਲੀ ਸੂਚਨਾ ਭਰੋਸੇਮੰਦ ਹੋਣ ਕਰ ਕੇ ਇਸ ਮਾਮਲੇ ਵਿਚ ਅਰਸ਼ਪ੍ਰੀਤ ਕੌਰ ਗਰੇਵਾਲ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ. ਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਮਾਮਲੇ ਵਿਚ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।