ਰਾਜਾ ਵੜਿੰਗ ਵਲੋਂ ਸੁਖਬੀਰ ਬਾਦਲ ਨੂੰ ਖ਼ੁਦ ਚੋਣ ਲੜਣ ਦੀ ਚੁਣੌਤੀ
ਗਿੱਦੜਬਾਹਾ, 24 ਅਕਤੂਬਰ,ਬੋਲੇ ਪਂੰਜਾਬ ਬਿਊਰੋ :
ਪੰਜਾਬ ਵਿਚ 4 ਵਿਧਾਨ ਸਭਾ ਹਲਕਿਆਂ ‘ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਗਿੱਦੜਬਾਹਾ ਹਲਕੇ ਨੂੰ ਸਭ ਤੋਂ ਹੌਟ ਸੀਟ ਮੰਨਿਆ ਜਾ ਰਿਹਾ ਹੈ। ਇੱਥੋਂ ਆਮ ਆਦਮੀ ਪਾਰਟੀ ਵੱਲੋਂ ਡਿੰਪੀ ਢਿੱਲੋਂ, ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਨੇ ਇੱਥੋਂ ਸੁਖਬੀਰ ਬਾਦਲ ਨੂੰ ਆਪ ਚੋਣ ਲੜਣ ਦੀ ਸਲਾਹ ਦਿੱਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਵਿਚਾਰਧਾਰਾ ਬਣਦੀ ਜਾ ਰਹੀ ਹੈ ਕਿ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਆਹਮੋ-ਸਾਹਮਣੇ ਚੋਣ ਨਹੀਂ ਲੜਣਗੇ। ਵੜਿੰਗ ਨੇ ਕਿਹਾ ਕਿ ਪਹਿਲਾਂ ਉਹ ਵੀ ਇਹ ਗੱਲ ਕਹਿੰਦੇ ਰਹੇ ਹਨ ਤੇ ਫ਼ਿਰ ਸਰੂਪ ਸਿੰਗਲਾ, ਡਿੰਪੀ ਢਿੱਲੋਂ ਨੇ ਵੀ ਇਹੀ ਗੱਲ ਕਹੀ ਹੈ ਕਿ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਅੰਦਰਖਾਤੇ ਇਕੱਠੇ ਹਨ। ਵੜਿੰਗ ਨੇ ਕਿਹਾ ਕਿ ਪਹਿਲਾਂ ਵਿਚਾਰਧਾਰਾ ਬਣ ਗਈ ਸੀ ਕਿ ਬਾਦਲ ਤੇ ਕੈਪਟਨ ਰਲ਼ੇ ਹੋਏ ਹਨ, ਤਾਂ ਲੋਕਾਂ ਨੇ ਦੋਹਾਂ ਨੂੰ ਨਹੀਂ ਬਖਸ਼ਿਆ। ਹੁਣ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਬਾਰੇ ਵੀ ਇਹੀ ਵਿਚਾਰਧਾਰਾ ਬਣ ਰਹੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਬੇਨਤੀ ਹੈ ਕਿ ਜੇ ਅਕਾਲੀ ਦਲ ਨੂੰ ਜਿਉਂਦਾ ਰੱਖਣਾ ਹੈ ਤਾਂ ਉਨ੍ਹਾਂ ਨੂੰ ਆਪ ਚੋਣ ਮੈਦਾਨ ਵਿਚ ਉਤਰ ਕੇ ਲੜਣਾ ਚਾਹੀਦਾ ਹੈ। ਇਸ ਨਾਲ ਇਕ ਤਾਂ ਇਹ ਮੋਹਰ ਉਤਰ ਜਾਵੇਗੀ ਕਿ ਦੋਵੇਂ ਭਰਾ ਆਪਸ ਵਿਚ ਰਲ਼ੇ ਹੋਏ ਹਨ। ਦੂਜੀ ਇਹ ਗੱਲ ਹੋ ਜਾਵੇਗੀ ਕਿ ਆਪਣੀ ਹੋਂਦ ਬਚਾਉਣ ਲਈ ਜਰਨਲ ਸਾਹਮਣੇ ਆ ਗਿਆ। ਵੜਿੰਗ ਨੇ ਕਿਹਾ ਕਿ ਜੇ ਸੁਖਬੀਰ ਹੁਣ ਗਿੱਦੜਬਾਹਾ ਤੋਂ ਚੋਣ ਨਹੀਂ ਲੜ ਸਕਦੇ ਤਾਂ ਫ਼ਿਰ ਕੰਮ ਖ਼ਤਮ ਹੈ। ਉਨ੍ਹਾਂ ਕਿਹਾ ਕਿ ਇਹ ਵੀ ਚਰਚਾਵਾਂ ਹਨ ਕਿ ਸ਼ਾਇਦ ਅਕਾਲੀ ਦਲ ਇਹ ਚੋਣਾਂ ਲੜੇ ਹੀ ਨਾ, ਪਰ ਜੇ ਚੋਣ ਨਾ ਲੜੀ ਤਾਂ ਉਨ੍ਹਾਂ ਦੀ ਹੋਂਦ ਹੀ ਖ਼ਤਮ ਹੋ ਜਾਵੇਗੀ।