ਪੁਰਾਣੀ ਪੈਨਸ਼ਨ ਦੀ ਬਜਾਏ ਯੂਪੀਐੱਸ ਦੇ ਰਾਹ ਪਈ ਆਪ ਸਰਕਾਰ !ਮੁਲਾਜ਼ਮ ਕਰਨਗੇ ਤਿੱਖਾ ਵਿਰੋਧ

ਪੰਜਾਬ

ਸਬ ਕਮੇਟੀ ਵੱਲੋਂ 30 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਬਣੀ ਪੰਜ ਮੈਂਬਰੀ ਅਫਸਰਾਂ ਦੀ ਕਮੇਟੀ ਨਾਲ਼ ਮੀਟਿੰਗ ਕਰਕੇ 18 ਨਵੰਬਰ ਨੂੰ ਜੱਥੇਬੰਦੀ ਨਾਲ਼ ਦੁਬਾਰਾ ਮੀਟਿੰਗ ਕੀਤੀ ਜਾਵੇਗੀ


ਪਟਿਆਲਾ , 24ਅਕਤੂਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਵਫ਼ਦ ਵੱਲੋਂ ਪੰਜਾਬ ਭਵਨ ਵਿਖੇ ਕੈਬਨਿਟ ਸਬ ਕਮੇਟੀ ਅਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ਼ ਮੀਟਿੰਗ ਕੀਤੀ ਗਈ। ਪੁਰਾਣੀ ਪੈਨਸ਼ਨ ਦੇ ਦੋ ਸਾਲ ਪਹਿਲਾਂ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ ਤੇ ਸਬ ਕਮੇਟੀ ਵੱਲੋਂ ਕੋਈ ਹਾਂਪੱਖੀ ਸਪਸ਼ਟ ਜਵਾਬ ਨਹੀੰ ਦਿੱਤਾ ਗਿਆ ਬਲਕਿ ਪੁਰਾਣੀ ਪੈਨਸ਼ਨ ਖਿਲਾਫ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਤਰਕਾਂ ਦੀ ਹੀ ਸੁਰ ਵਿੱਚ ਸੁਰ ਮਿਲਾਈ ਗਈ। ਵਿੱਤ ਮੰਤਰੀ ਹਰਪਾਲ ਚੀਮਾ ਖਜ਼ਾਨੇ ਤੇ ਪੈਣ ਵਾਲੇ ਵਿੱਤੀ ਬੋਝ, ਕੇਂਦਰ ਸਰਕਾਰ ਵੱਲੋਂ ਐੱਨ.ਪੀ.ਐੱਸ ਰਾਸ਼ੀ ਨਾ ਮੋੜਨ ਦਾ ਤਰਕ ਦੇ ਕੇ ਪੁਰਾਣੀ ਪੈਨਸ਼ਨ ਤੋਂ ਟਾਲ਼ਾ ਵੱਟਦੇ ਨਜ਼ਰ ਆਏ।ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਤਜਵੀਜ਼ ਕੀਤੀ ਯੂਪੀਐੱਸ ਸਕੀਮ ਬਾਰੇ 30 ਅਕਤੂਬਰ ਨੂੰ ਅਫਸਰਾਂ ਦੀ ਕਮੇਟੀ ਵਿੱਚ ਮੁਲਾਂਕਣ ਕਰਕੇ ਫਰੰਟ ਨਾਲ਼ 18 ਨਵੰਬਰ ਨੂੰ ਦੁਬਾਰਾ ਮੀਟਿੰਗ ਕੀਤੀ ਜਾਵੇਗੀ। ਵਿੱਤ ਮੰਤਰੀ ਤੋੰ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ,ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ਈਟੀਓ ਅਤੇ ਵਿੱਤ ਸਕੱਤਰ ਬਸੰਤ ਗਰਗ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਕਰਨ ਗਏ ਵਫ਼ਦ ਨੇ ਸਬ ਕਮੇਟੀ ਨਾਲ਼ ਹੋਈ ਗੱਲਬਾਤ ਨੂੰ ਨਿਰਾਸ਼ਾਜਨਕ ਦੱਸਦਿਆਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਜਿਲ੍ਹਾ ਕਨਵੀਨਰ ਸਤਪਾਲ ਸਮਾਣਵੀ ਨੇ ਦੱਸਿਆ ਕਿ ਫਰੰਟ ਵੱਲੋਂ ਸੰਗਰੂਰ ਵਿੱਚ ਇਸੇ ਮਹੀਨੇ ਲਗਾਏ ਤਿੰਨ ਦਿਨਾਂ ਪੈਨਸ਼ਨ ਮੋਰਚੇ ਵਿੱਚ ਆਪ ਸਰਕਾਰ ਵੱਲੋਂ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦੇ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ ਵੱਡੇ ਪੱਧਰ ਤੇ ਉਭਾਰੀ ਗਈ ਸੀ।ਇਸ ਮੋਰਚੇ ਚੋਂ ਸਬਕਮੇਟੀ ਨਾਲ਼ ਤੈਅ ਹੋਈ ਮੀਟਿੰਗ ਵਿੱਚ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਲਾਗੂ ਕੀਤੇ ਜਾਣ ਬਾਰੇ ਕੋਈ ਠੋਸ ਹੁੰਗਾਰਾ ਮਿਲਣ ਦੀ ਆਸ ਸੀ।ਪਰ ਇਸ ਦੇ ਉਲਟ ਪੁਰਾਣੀ ਪੈਨਸ਼ਨ ਦਾ ਆਰਥਿਕਤਾ ਲਈ ਮਾਰੂ ਹੋਣ ਦੇ ਪ੍ਰਵਚਨ ਹੇਠ ਸਬਕਮੇਟੀ ਦਾ ਸਮੁੱਚਾ ਬਿਰਤਾਂਤ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਕੇ ਪੁਰਾਣੀ ਪੈਨਸ਼ਨ ਦੇ ਵਿਰੋਧ ਵਾਲਾ ਸੀ। ਉਹਨਾਂ ਤਿੱਖਾ ਰੋਸ ਜ਼ਾਹਰ ਕੀਤਾ ਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਪੁਰਾਣੀ ਪੈਨਸ਼ਨ ਦਾ ਕੀਤਾ ਸੀ ਪਰ ਹੁਣ ਦੋ ਸਾਲ ਬੀਤਣ ਮਗਰੋੰ ਕੇਂਦਰੀ ਸਕੀਮ ਯੂਪੀਐੱਸ ਤੇ ਵਿਚਾਰ ਕਰਨ ਦਾ ਤਰਕ ਦਿੱਤਾ ਜਾ ਰਿਹਾ ਹੈ।ਉਹਨਾਂ ਹੈਰਾਨੀ ਪ੍ਰਗਟਾਈ ਕਿ ਪੁਰਾਣੀ ਪੈਨਸ਼ਨ ਸਬੰਧੀ ਐੱਸ.ਓ.ਪੀ ਬਣਾਉਣ ਲਈ ਗਠਿਤ ਕੀਤੀ ਪੰਜ ਮੈਂਬਰੀ ਅਫਸਰਾਂ ਦੀ ਕਮੇਟੀ ਦੀ ਦੋ ਸਾਲ ਵਿੱਚ ਕੇਵਲ ਇੱਕ ਮੀਟਿੰਗ ਕੀਤੀ ਗਈ ਹੈ ਪਰ ਹੁਣ ਯੂਪੀਐੱਸ ਦਾ ਮੁਲਾਂਕਣ ਕਰਨ ਲਈ ਇਸ ਕਮੇਟੀ ਦੀ ਇਸੇ ਮਹੀਨੇ ਮੀਟਿੰਗ ਬਲਾਉਣ ਦੇ ਨਿਰਦੇਸ਼ ਚਲਦੀ ਮੀਟਿੰਗ ਵਿੱਚ ਹੀ ਦੇ ਦਿੱਤੇ ਗਏ ਹਨ। ਜੋ ਆਪ ਸਰਕਾਰ ਦਾ ਪੁਰਾਣੀ ਪੈਨਸ਼ਨ ਤੋਂ ਪਿੱਛੇ ਹਟਣ ਦਾ ਸਪਸ਼ਟ ਸੰਕੇਤ ਹੈ।
ਇਸ ਮੌਕੇ ਗੁਰਜੀਤ ਘੱਗਾ, ਭਰਤ ਕੁਮਾਰ, ਜਗਤਾਰ ਰਾਮ, ਜਗਤਾਰ ਸਿੰਘ, ਗੁਰਤੇਜ ਸਿੰਘ, ਜੀਨੀਅਸ, ਹਰਮਿੰਦਰ ਸਿੰਘ, ਗੁਰਤੇਜ ਸਿੰਘ, ਗੁਰਵਿੰਦਰ ਖੱਟੜਾ, ਹਰਵਿੰਦਰ ਬੇਲੂਮਾਜਰਾ, ਰਾਜੀਵ ਕੁਮਾਰ, ਸੁਖਦੀਪ ਕੌਰ ਟਾਹਲੀਆਂ, ਸੁਖਦੀਪ ਕੌਰ ਬੁਢਲਾਡਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *