ਪੰਜਾਬ ਸਰਕਾਰ ਵੱਲੋਂ ਨਕਲੀ ਬੀਜਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਕਿਊ.ਆਰ. ਕੋਡ ਸਿਸਟਮ ਦੀ ਸ਼ੁਰੂਆਤ

ਚੰਡੀਗੜ੍ਹ


ਪੰਜਾਬ ਸਰਕਾਰ ਵੱਲੋਂ ਨਕਲੀ ਬੀਜਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਕਿਊ.ਆਰ. ਕੋਡ ਸਿਸਟਮ ਦੀ ਸ਼ੁਰੂਆਤ


ਚੰਡੀਗੜ੍ਹ, 23 ਅਕਤੂਬਰ
,ਬੋਲੇ ਪੰਜਾਬ ਬਿਊਰੋ :

ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇੱਕ ਨਵੀਂ ਪਹਿਲਕਦਮੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇਥੇ ਕਿਊ.ਆਰ. ਕੋਡ ਪ੍ਰਣਾਲੀ ਦੀ ਸ਼ੁਰੂਆਤ ਕੀਤੀ, ਜੋ ਕਿ ਨਕਲੀ ਬੀਜਾਂ ਦੀ ਮਾਰਕੀਟ ਨੂੰ ਖ਼ਤਮ ਕਰਦਿਆਂ ਬੀਜ ਸਪਲਾਈ ਚੇਨ ਦੀ ਇਕਸਾਰਤਾ ਤੇ ਮਿਆਰ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ। ਇਸ ਪਹਿਲਕਦਮੀ ਦੀ ਸ਼ੁਰੂਆਤ ਨਾਲ ਹੁਣ ਸੂਬੇ ਦੇ ਕਿਸਾਨ ਬੀਜਾਂ ਦੀ ਗੁਣਵੱਤਾ, ਸਰੋਤ ਅਤੇ ਪ੍ਰਮਾਣੀਕਰਣ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣਗੇ।

ਇੱਥੇ ਆਪਣੇ ਦਫ਼ਤਰ ਵਿਖੇ ਕਿਊ.ਆਰ. ਕੋਡ ਪ੍ਰਣਾਲੀ ਦੀ ਸ਼ੁਰੂਆਤ ਕਰਨ ਉਪਰੰਤ ਸ.ਗੁਰਮੀਤ ਸਿੰਘ ਖੁੱਡੀਆਂ ਨੇ  ਦੱਸਿਆ ਕਿ ਇਹ ਸਿਸਟਮ ਇੱਕ ਮਜ਼ਬੂਤ ਬੀਜ ਗੁਣਵੱਤਾ ਪ੍ਰਣਾਲੀ ਨੂੰ ਯਕੀਨੀ ਬਣਾਉਂਦਿਆਂ ਬੀਜ ਉਤਪਾਦਨ ਲੜੀ ਵਿੱਚ ਬੀਜਾਂ ਦੇ ਸਰੋਤ ਦਾ ਪਤਾ ਲਗਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਬੀਜ ਖ਼ਰੀਦਣ ਤੋਂ ਪਹਿਲਾਂ ਬੀਜ ਦੇ ਥੈਲਿਆਂ ‘ਤੇ ਲੱਗੇ ਕਿਊ.ਆਰ. ਕੋਡ ਟੈਗ ਨੂੰ ਸਕੈਨ ਕਰਕੇ ਉਸ ਬੀਜ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕਿਊ.ਆਰ. ਕੋਡ ਨੂੰ ਸਕੈਨ ਕਰਦੇ ਸਾਰ ਬੀਜਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਹੋ ਜਾਵੇਗੀ। ਇਸ ਦੇ ਨਾਲ ਹੀ ਬੀਜ ਉਤਪਾਦਕ ਬਾਰੇ ਮੁਕੰਮਲ ਜਾਣਕਾਰੀ ਤੋਂ ਇਲਾਵਾ ਨਿਰੀਖਣ ਰਿਪੋਰਟਾਂ ਅਤੇ ਲੈਬ ਟੈਸਟਾਂ ਦੇ ਨਤੀਜਿਆਂ ਦੇ ਵੇਰਵੇ ਵੀ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਨਾਲ ਲਾਇਸੰਸਸ਼ੁਦਾ ਡੀਲਰਾਂ ਵੱਲੋਂ ਕਿਸਾਨਾਂ ਨੂੰ ਸਰਟੀਫਾਈਡ ਬੀਜ ਹੀ ਵੇਚੇ ਜਾਣਗੇ, ਜਿਸ ਨਾਲ ਬੀਜਾਂ ਦੀ ਸਪਲਾਈ ਦੇ ਮਿਆਰ ਦੀ ਇਕਸਾਰਤਾ ਯਕੀਨੀ ਬਣੇਗੀ।
ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਤੀਬਾੜੀ ਖੇਤਰ ਨੂੰ ਦਰਪੇਸ਼ ਚੁਣੌਤੀਆਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਿਊ.ਆਰ. ਕੋਡ ਪ੍ਰਣਾਲੀ ਵਿਸ਼ੇਸ਼ ਤੌਰ ‘ਤੇ ਬੀਜ ਉਤਪਾਦਨ, ਗੁਣਵੱਤਾ ਵਾਲੇ ਬੀਜ ਦੀ ਪਛਾਣ ਅਤੇ ਬੀਜ ਪ੍ਰਮਾਣੀਕਰਣ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਲਈ ਤਿਆਰ ਕੀਤੀ ਗਈ ਹੈ।

ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸਾਥੀ (ਸੀਡ ਟਰੇਸੇਬਿਲਟੀ, ਔਥੈਂਟੀਕੇਸ਼ਨ ਐਂਡ ਹੌਲਿਸਟਿਕ ਇਨਵੈਂਟਰੀ) ਪੋਰਟਲ ਨੂੰ ਲਾਗੂ ਕਰਨ ਵਾਲੀ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਦੇਸ਼ ਦੀ ਪਹਿਲੀ ਸੰਸਥਾ ਹੈ। ਦੱਸਣਯੋਗ ਹੈ ਕਿ ਇਸ ਪੋਰਟਲ ਨੂੰ 17 ਜਨਵਰੀ, 2023 ਨੂੰ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਪੈਦਾ ਕੀਤੇ ਗਏ ਸਾਰੇ ਬੀਜ “ਸਾਥੀ” ਪੋਰਟਲ ‘ਤੇ ਆਨਲਾਈਨ ਰਜਿਸਟਰਡ ਹਨ ਅਤੇ ਇਹ ਆਨਲਾਈਨ ਪ੍ਰਣਾਲੀ ਬੀਜਾਂ ਦੀ ਜਾਂਚ ਤੋਂ ਲੈ ਕੇ ਪੈਕਿੰਗ ਤੱਕ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਪ੍ਰਬੰਧਿਤ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਵੱਲੋਂ ਇਸ ਸਮੇਂ ਬੀਜ ਪੈਦਾ ਕਰਨ ਵਾਲੀਆਂ ਫ਼ਸਲਾਂ ਦੇ ਸੱਤਵੇਂ ਸੀਜ਼ਨ ਦੀ ਲਗਾਤਾਰ ਆਨਲਾਈਨ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾ ਰਹੀ ਹੈ। ਮੌਜੂਦਾ ਸਮੇਂ ਇਸ ਪੋਰਟਲ ‘ਤੇ 360 ਬੀਜ ਉਤਪਾਦਕ ਏਜੰਸੀਆਂ, 341 ਬੀਜ ਪ੍ਰੋਸੈਸਿੰਗ ਪਲਾਂਟ ਅਤੇ ਤਿੰਨ ਟੈਸਟਿੰਗ ਲੈਬਾਂ ਸਮੇਤ 10,669 ਬੀਜ ਉਤਪਾਦਕਾਂ ਦੀ ਜਾਣਕਾਰੀ ਅਪਡੇਟ ਕੀਤੀ ਗਈ ਹੈ।

Leave a Reply

Your email address will not be published. Required fields are marked *