‘
ਰਾਜਸਥਾਨ, ਹਰਿਆਣਾ, ਅਸਾਮ ਅਤੇ ਉੱਤਰਪ੍ਰਦੇਸ਼ ਦੇ ਲੋਕ-ਨਾਚਾਂ ਤੇ ਲੋਕ ਗੀਤਾਂ ਦੀ ਲੱਗਦੀ ਹੈ ਹਰ ਰੋਜ਼ ਮਹਿਫਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਕਤੂਬਰ,ਬੋਲੇ ਪੰਜਾਬ ਬਿਊਰੋ :
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 88, ਮੋਹਾਲੀ ਵਿਖੇ ਮਾਨਵ ਮੰਗਲ ਸਕੂਲ ਨੇੜੇ ਖੁੱਲ੍ਹੇ ਮੈਦਾਨ ਵਿਖੇ 18 ਅਕਤੂਬਰ ਤੋਂ ਚੱਲ ਰਹੇ ਸਰਸ ਮੇਲੇ ਦੌਰਾਨ ਜਿੱਥੇ ਹਸਤ ਕਲਾ ਸ਼ਿਲਪਕਾਰੀਆਂ ਦੀਆਂ ਸਟਾਲਾਂ ਦੇਖਣਯੋਗ ਹਨ, ਉੱਥੇ ਹੀ ਭਾਰਤ ਦੀ ਮਹਾਨ ਅਤੇ ਵਿਲੱਖਣ ਸੰਸਕ੍ਰਿਤੀ ਨੂੰ ਦਰਸਾਉਂਦੇ ਵੱਖ-ਵੱਖ ਖੇਤਰਾਂ ਦੇ ਲੋਕ-ਨਾਚ ਅਤੇ ਲੋਕ-ਧੁਨਾਂ ਨਾਲ਼ ਪਰੋਏ ਲੋਕ-ਗੀਤ ਨਵੀਂ ਪੀੜ੍ਹੀ ਦਾ ਜਿੱਥੇ ਮਨੋਰੰਜਨ ਕਰ ਰਹੇ ਹਨ, ਉੱਥੇ ਆਪਣੇ ਅਮੀਰ ਵਿਰਸੇ ਦੀਆਂ ਸਾਂਝਾਂ ਨੂੰ ਹੋਰ ਪਕੇਰਾ ਕਰਦੇ ਨਜ਼ਰ ਆਉਂਦੇ ਹਨ।
ਸੱਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ, ਵਿਕਾਸ ਕਮ ਜ਼ਿਲ੍ਹਾ ਸਰਸ ਮੇਲਾ ਅਫਸਰ, ਸੋਨਮ ਚੌਧਰੀ ਦੀ ਅਗਵਾਈ ਅੰਦਰ ਅਮੀਰ ਵਿਰਾਸਤ ਨੂੰ ਸਾਂਭਣ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ।
ਮੇਲੇ ਵਿੱਚ ਉੱਤਰ ਭਾਰਤ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਸਦਕਾ ਰਾਜਸਥਾਨ ਦਾ ਕਾਲਬੇਲੀਆ ਜੋ ਕਿ ਭਰਤਪੁਰ, ਜੈਸਲਮੇਰ ਤੇ ਜੈਪੂਰ ਦੇ ਖੇਤਰਾਂ ਦਾ ਮਸ਼ਹੂਰ ਲੋਕ-ਨਾਚ ਹੈ, ਹਰਿਆਣਾ ਦਾ ਫਾਗ ਅਤੇ ਉੱਤਰ ਪ੍ਰਦੇਸ਼ ਦਾ ਮਾਯੁਰ ਡਾਂਸ, ਅਸਾਮ ਦਾ ਪੀਹੂ ਅਤੇ ਪੰਜਾਬ ਦੇ ਭੰਗੜਾ, ਲੁੱਡੀ ਅਤੇ ਸੰਮੀ ਲੋਕ-ਨਾਚ ਮੇਲੇ ਵਿੱਚ ਆਏ ਮੇਲੀਆਂ ਨੂੰ ਲੋਕ ਸਾਜਾਂ ਉੱਤੇ ਥਿਰਕਣ ਲਈ ਮਜਬੂਰ ਕਰ ਦਿੰਦੇ ਹਨ।
ਇਸ ਮੌਕੇ ਮੰਚ ਸੰਚਾਲਕ ਸੰਜੀਵ ਸ਼ਾਦ ਵੱਲੋਂ ਆਪਣੀ ਸ਼ਾਇਰੀ ਅਤੇ ਲੋਕ-ਨਾਚਾਂ ਦੇ ਪਿਛੋਕੜ ਬਾਰੇ ਮੇਲੀਆਂ ਨੂੰ ਵਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।