ਰਾਧਾਸੁਆਮੀ ਸਤਿਸੰਗ ‘ਚ ਸ਼ਾਮਲ ਹੋਣ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ, ਟਰਾਲੇ ਨਾਲ ਟਕਰਾਈ, 3 ਦੀ ਮੌਤ 46 ਜ਼ਖਮੀ
ਜੈਪੁਰ, 23 ਅਕਤੂਬਰ,ਬੋਲੇ ਪੰਜਾਬ ਬਿਊਰੋ :
ਜੈਪੁਰ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਬੱਸ ਤੇ ਟਰਾਲੇ ਵਿਚਕਾਰ ਟੱਕਰ ਹੋ ਗਈ।ਬੱਸ ਡਰਾਈਵਰ ਸਮੇਤ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਬੱਸ ਦੀਆਂ 46 ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ।17 ਜ਼ਖ਼ਮੀਆਂ ਨੂੰ ਗੰਭੀਰ ਹਾਲਤ ‘ਚ ਜੈਪੁਰ ਰੈਫਰ ਕੀਤਾ ਗਿਆ ਹੈ।
ਕਲੈਕਟਰ ਕਲਪਨਾ ਅਗਰਵਾਲ ਨੇ ਦੱਸਿਆ ਕਿ ਬੱਸ ਦੇ ਯਾਤਰੀ ਰਾਧਾਸੁਆਮੀ ਸਤਿਸੰਗ ਵਿਚ ਸ਼ਾਮਲ ਹੋਣ ਲਈ ਅਜਮੇਰ ਤੋਂ ਦਿੱਲੀ ਜਾ ਰਹੇ ਸਨ। ਇਹ ਹਾਦਸਾ ਅੱਜ ਬੁੱਧਵਾਰ ਸਵੇਰੇ ਕਰੀਬ 5 ਵਜੇ ਕੋਟਪੁਤਲੀ ਦੇ ਕੰਵਰਪੁਰਾ ਸਟੈਂਡ ‘ਤੇ ਵਾਪਰਿਆ। ਕੋਟਪੁਤਲੀ ਥਾਣੇ ਦੇ ਅਧਿਕਾਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਲੀਪਰ ਬੱਸ ਅਜਮੇਰ ਤੋਂ ਨੈਸ਼ਨਲ ਹਾਈਵੇ ‘ਤੇ ਦਿੱਲੀ ਵੱਲ ਜਾ ਰਹੀ ਸੀ। ਇਸ ਦੌਰਾਨ ਕੰਵਰਪੁਰਾ ਸਟੈਂਡ ਨੇੜੇ ਅੱਗੇ ਜਾ ਰਹੇ ਟਰਾਲੇ ਨਾਲ ਟਕਰਾ ਗਈ।
ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਬੀਡੀਐਮ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੰਭੀਰ ਜ਼ਖ਼ਮੀ ਸ਼ਰਧਾਲੂਆਂ ਨੂੰ ਜੈਪੁਰ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਕਲੈਕਟਰ, ਏਡੀਐਮ, ਐਸਪੀ ਸਮੇਤ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਹਸਪਤਾਲ ਪੁੱਜੇ।