30 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਨਵੀਂ ਦਿੱਲੀ, 22 ਅਕਤੂਬਰ,ਬੋਲੇ ਪੰਜਾਬ ਬਿਊਰੋ :
ਭਾਰਤੀ ਏਅਰਲਾਈਨਜ਼ ਵੱਲੋਂ ਸੰਚਾਲਿਤ 30 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।ਇਨ੍ਹਾਂ ਏਅਰਲਾਈਨਜ਼ ਵਿਚ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਸ਼ਾਮਲ ਹਨ। ਇਸ ਸਬੰਧੀ ਇੰਡੀਗੋ ਦੇ ਬੁਲਾਰੇ ਨੇ ਅੱਜ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਚਾਰ ਉਡਾਣਾਂ ਨੂੰ ਸੁਰੱਖਿਆ ਨਾਲ ਸਬੰਧਤ ਧਮਕੀਆਂ ਮਿਲੀਆਂ ਹਨ। ਏਅਰ ਇੰਡੀਆ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਸੰਚਾਲਿਤ ਕੁਝ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਸੋਸ਼ਲ ਮੀਡੀਆ ’ਤੇ ਧਮਕੀ ਭਰੇ ਸੰਦੇਸ਼ ਮਿਲੇ ਸਨ।ਇਸ ਦੌਰਾਨ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਸਬੰਧਤ ਅਥਾਰਟੀਆਂ ਨੂੰ ਤੁਰੰਤ ਸੁਚੇਤ ਕੀਤਾ ਗਿਆ ਸੀ ਅਤੇ ਰੈਗੂਲੇਟਰੀ ਅਥਾਰਟੀਆਂ ਅਤੇ ਸੁਰੱਖਿਆ ਏਜੰਸੀਆਂ ਦੇ ਮਾਰਗਦਰਸ਼ਨ ਦੇ ਅਨੁਸਾਰ ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ਸੀ।
ਏਸੇ ਤਰ੍ਹਾਂ ਵਿਸਤਾਰਾ ਦੇ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਨੂੰ ਸੰਚਾਲਿਤ ਕੁੱਝ ਉਡਾਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀ ਭਰੇ ਸੰਦੇਸ਼ ਮਿਲਣ ਤੋਂ ਬਾਅਦ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੁਚੇਤ ਕੀਤਾ।
ਇਸ ਦੌਰਾਨ ਸਰਕਾਰ ਏਅਰਲਾਈਨਾਂ ਨੂੰ ਆ ਰਹੀਆਂ ਬੰਬ ਦੀਆਂ ਧਮਕੀਆਂ ਨਾਲ ਨਜਿੱਠਣ ਲਈ ਵਿਧਾਨਿਕ ਕਾਰਵਾਈਆਂ ਦੀ ਯੋਜਨਾ ਬਣਾ ਰਹੀ ਹੈ, ਜਿਸ ਵਿੱਚ ਦੋਸ਼ੀਆਂ ਨੂੰ ਨੋ-ਫਲਾਈ ਸੂਚੀ ਵਿੱਚ ਪਾਉਣਾ ਸ਼ਾਮਲ ਹੈ।