ਆਪ ਸਰਕਾਰ ਦੇ ਰਾਜ ‘ਚ ਨਸ਼ਾ ਸੌਦਾਗਰਾਂ ਅਤੇ ਗੈਂਗਸਟਰਾਂ ਦਾ ਬੋਲ-ਬਾਲਾ: ਅਰਵਿੰਦ ਖੰਨਾ
ਰੰਗਲਾ ਪੰਜਾਬ ਬਣਾਉਣ ਵਾਲਿਆਂ ਨੇ ਨਸ਼ੇ ਦੀ ਦਲਦਲ ‘ਚ ਧੱਕਿਆ ਪੰਜਾਬ: ਅਰਵਿੰਦ ਖੰਨਾ
ਚੰਡੀਗੜ੍ਹ, 22 ਅਕਤੂਬਰ,ਬੋਲੇ ਪੰਜਾਬ ਬਿਊਰੋ :
ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਆਮ ਆਦਮੀਂ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਨਸ਼ੇ ਦੇ ਸੌਦਾਗਰਾਂ ਅਤੇ ਗੈਂਗਸਟਰਾਂ ਦਾ ਹੀ ਬੋਲ-ਬਾਲਾ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹਰ ਰੋਜ਼ ਅਨੇਕਾਂ ਨੌਜਵਾਨ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਪਰ ਮੁੱਖ ਮੰਤਰੀ ਸਮੇਤ ਪੂਰਾ ਮੰਤਰੀ ਮੰਡਲ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਬਣਾਉਣ ਵਾਲੀ ਇਸ ਪਾਰਟੀ ਨੇ ਸੂਬੇ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ ਹੈ ਇਸ ਤੋਂ ਇਲਾਵਾ ਸੂਬੇ ਵਿੱਚ ਗੈਂਗਸਟਰਾਂ ਦਾ ਰਾਜ ਸਥਾਪਿਤ ਹੋ ਕੇ ਰਹਿ ਗਿਆ ਹੈ। ਸ਼੍ਰੀ ਖੰਨਾ ਨੇ ਕਿਹਾ ਕਿ ਸਰਕਾਰ ਨਾਲੋਂ ਵੱਧ ਚਰਚਾ ਵਿੱਚ ਇਸ ਸਮੇਂ ਗੈਂਗਸਟਰ ਹਨ।
ਸ਼੍ਰੀ ਖੰਨਾ ਨੇ ਕਿਹਾ ਕਿ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨ ਦਿਹਾੜੇ ਹੋ ਰਹੀਆਂ ਹਨ। ਨੌਜਵਾਨਾਂ ਦੇ ਸ਼ਰੇਆਮ ਕਤਲ ਹੋ ਰਹੇ ਹਨ। ਪੰਜਾਬ ਵਿੱਚ ਅਮਨ^ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ”ਰੋਮ ਜਲ ਰਿਹਾ ਹੈ ਅਤੇ ਨੀਗਰੋ ਬੰਸਰੀ ਵਜਾ ਰਿਹਾ ਹੈ” ਵਾਲੀ ਕਹਾਵਤ ਲਾਗੂ ਹੋਈ ਪਈ ਹੈ ਕਿਉਂਕਿ ਸਰਕਾਰ ਆਪਣੇ ਸੋਹਲੇ ਗਾਉਣ ਵਿੱਚ ਰੁੱਝੀ ਹੈ ਦੂਜੇ ਪਾਸੇ ਜਵਾਨੀ ਦਾ ਘਾਣ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਨਾਲ ਸਭ ਤੋਂ ਜਿਆਦਾ ਮੌਤਾਂ ਆਪ ਸਰਕਾਰ ਦੇ ਕਾਰਜਕਾਲ ਵਿੱਚ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਇੱਕ ਵਡਾ ਯੋਗਦਾਨ ਸੀ, ਪਰ ਇਸਦੇ ਬਦਲੇ ਮੁੱਖਮੰਤਰੀ ਪੰਜਾਬ ਵਿਚ ਉਨ੍ਹਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਮੁਹਈਆ ਕਰਾਉਣ ਵਿੱਚ ਫੇਲ ਸਾਬਿਤ ਹੋਈ ਹੈ। ਪੰਜਾਬ ਵਿੱਚ ਬੇਰੋਜ਼ਗਾਰੀ ਚਰਮ ਤੇ ਹੈ, ਪਰ ਸਰਕਾਰ ਦੇ ਮੁੱਖਮੰਤਰੀ ਸਣੇ ਉਨ੍ਹਾਂ ਦੇ ਮੰਤਰੀ ਅਤੇ ਵਿਧਾਇਕ ਇਸ ਪਾਸੇ ਅੱਖਾਂ ਮੂੰਦੀ ਬੈਠੇ ਹਨ।