ਦੇਸ਼ ਵਿੱਚ ਸੀਆਰਪੀਐਫ ਦੁਆਰਾ ਚਲਾਏ ਜਾ ਰਹੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਨਵੀਂ ਦਿੱਲੀ, 22 ਅਕਤੂਬਰ,ਬੋਲੇ ਪੰਜਾਬ ਬਿਊਰੋ :
ਦੇਸ਼ ਵਿੱਚ ਸੀਆਰਪੀਐਫ ਦੁਆਰਾ ਚਲਾਏ ਜਾ ਰਹੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਪੁਲਿਸ ਫੋਰਸ ਅਲਰਟ ‘ਤੇ ਹੈ ਅਤੇ ਧਮਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਦੋ ਦਿੱਲੀ ਅਤੇ ਇੱਕ ਹੈਦਰਾਬਾਦ ਵਿੱਚ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ‘ਚ ਦੇਸ਼ ਦੀਆਂ ਵੱਖ-ਵੱਖ ਏਅਰਲਾਈਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਇਸ ਕਾਰਨ ਵੱਖ-ਵੱਖ ਏਅਰਲਾਈਨਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਨੂੰ ਈਮੇਲ ਰਾਹੀਂ ਬੰਬ ਦੀ ਇਹ ਧਮਕੀ ਮਿਲੀ ਸੀ। ਧਿਆਨ ਯੋਗ ਹੈ ਕਿ ਇਹ ਧਮਕੀਆਂ ਦਿੱਲੀ ਦੇ ਰੋਹਿਣੀ ਵਿੱਚ ਸਥਿਤ ਸੀਆਰਪੀਐਫ ਸਕੂਲ ਦੀ ਕੰਧ ਕੋਲ ਹੋਏ ਬੰਬ ਧਮਾਕੇ ਤੋਂ ਇੱਕ ਦਿਨ ਬਾਅਦ ਮਿਲੀਆਂ ਹਨ। ਬੰਬ ਧਮਾਕੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਆਸਪਾਸ ਦੀਆਂ ਦੁਕਾਨਾਂ ਅਤੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਇਨ੍ਹਾਂ ਬੰਬ ਧਮਕੀਆਂ ਦੀ ਜਾਂਚ ਕਰ ਰਹੀ ਹੈ ਅਤੇ ਹਾਈ ਅਲਰਟ ‘ਤੇ ਹੈ।