ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਿਡ ਡੇ ਮੀਲ ਕੁੱਕ ਬੀਬੀਆਂ ਨਾਲ ਮੀਟਿੰਗ ਕੀਤੀ, ਮੰਗਾਂ ਮੰਨਣ ਦਾ ਭਰੋਸਾ ਦਿੱਤਾ
ਮੋਹਾਲੀ, 21 ਅਕਤੂਬਰ,ਬੋਲੇ ਪੰਜਾਬ ਬਿਊਰੋ :
ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਡੈਮੋਕਰੇਟਿਕ ਮਿਡ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡੀ ਜੀ ਐਸ ਈ ਪੰਜਾਬ ਵਿਜੇ ਬਬਲਾਨੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਮਿਡ ਡੇ ਮੀਲ ਕੁੱਕ ਬੀਬੀਆਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਵਿਚ ਮਿਡ ਡੇ ਮੀਲ ਦੀਆਂ ਤਨਖਾਹਾਂ ਵਾਧਾ ਕਰਨ, ਕੁੱਕ ਦੇ ਬੀਮੇ ਅਤੇ ਉਹਨਾਂ ਨੂੰ ਸਕੂਲਾਂ ਵਿੱਚੋਂ ਕੱਢਣ ਦੇ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ ਕਿ ਅਗਲੇ ਦਿਨਾਂ ਵਿਚ ਜਲਦੀ ਹੀ ਮਿਡ ਡੇ ਮੀਲ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇਗਾ ਅਤੇ ਕੁਝ ਬੱਚੇ ਘੱਟ ਜਾਣ ਤੇ ਉਹਨਾਂ ਨੂੰ ਸਕੂਲਾਂ ’ਚੋਂ ਕੱਢਣ ਵਾਲਾ ਪੱਤਰ ਵਾਪਸ ਲੈਣ ਲਈ ਵੀ ਫੈਸਲਾ ਲਿਆ ਜਾਵੇਗਾ। ਇਸ ਮੌਕੇ ਉਹਨਾਂ ਵਿਸ਼ਵਾਸ ਦਵਾਇਆ ਕਿ ਮਿਡ ਡੇ ਮੀਲ ਕੁੱਕ ਦੀ ਸਕੂਲਾਂ ਬਹੁਤ ’ਚ ਵੱਡੀ ਮਹੱਤਤਾ ਹੈ। ਬੱਚਿਆਂ ਲਈ ਹਰ ਰੋਜ ਸਕੂਲਾਂ ਵਿਚ ਤਾਜ਼ਾ ਖਾਣਾ ਤਿਆਰ ਕਰਕੇ ਪਰੋਸਦੀਆਂ ਹਨ । ਇਸ ਲਈ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਸਾਡੀ ਸਰਕਾਰ ਦੀ ਤਰਜੀਹੀ ਜ਼ਿੰਮੇਵਾਰੀ ਹੈ।
ਇਸ ਮੌਕੇ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੂਬਾ ਸੀਨੀਅਰ ਆਗੂ ਪਰਮਜੀਤ ਕੌਰ ਨਰਾਇਣਗੜ੍ਹ , ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਦੀ ਲਖਵਿੰਦਰ ਕੌਰ ਅਤੇ ਹੋਰ ਆਗੂ ਬੀਬੀਆਂ ਸ਼ਾਮਲ ਸਨ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਤਨਖਾਹਾਂ ਅਤੇ ਹੋਰ ਮਾਮਲਿਆਂ ਨੂੰ ਜਲਦੀ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੀਆਂ। ਇਸ ਮੌਕੇ ਮਿਡ ਡੇ ਮੀਲ ਪੰਜਾਬ ਦੇ ਸਟੇਟ ਮੈਨੇਜਰ ਵਰਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ।