ਵਿਦੇਸ਼ੀ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਥਾਪਿਤ ਕੀਤਾ ਗਿਆ ਅੰਤਰ ਰਾਸ਼ਟਰੀ ਸਿੱਖ ਸਲਾਹਕਾਰ ਬੋਰਡ
ਅਮ੍ਰਿਤਸਰ 21 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਦੌਰਾਨ ਦੇਸ਼ ਵਿਦੇਸ਼ ਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਕਈ ਅਹਿਮ ਫੈਸਲੇ ਲਏ ਗਏ। ਇਸ ਦੀ ਮੂੰਹ ਬੋਲਦੀ ਮਿਸਾਲ ਅੰਤਰ ਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੀ ਸਥਾਪਨਾ ਹੈ। ਇਸ ਬੋਰਡ ਵਿਚ ਵੱਖ ਵੱਖ ਮੁਲਕਾਂ ਵਿਚੋਂ 7 ਸਿੱਖ ਆਗੂ ਨਾਮਜ਼ਦ ਕੀਤੇ ਗਏ, ਜਿਸ ਵਿਚ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਆਦਿ ਦੇਸ਼ਾਂ ਦੇ ਸਿੱਖ ਸ਼ਾਮਿਲ ਕੀਤੇ ਗਏ। ਦੁਨੀਆ ਭਰ ਵਿਚ ਵਸਦੇ ਸਿੱਖ ਭਾਵੇ ਕਿਸੇ ਵੀ ਦੇਸ਼ ਵਿਚ ਕਿਉਂ ਨਾ ਵਸਦੇ ਹੋਣ, ਹਰ ਸੁਖ ਦੁਖ ਵਿਚ ਇਹ ਸਿੱਖ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹੀ ਯਾਦ ਕਰਦੇ ਹਨ ਤੇ ਨੀਝ ਲਗਾ ਕੇ ਦੇਖਦੇ ਹਨ। ਦਰਅਸਲ ਵਿਦੇਸ਼ ਵਿਚ ਸਿੱਖ ਦੀ ਪਹਿਚਾਣ ਨੂੰ ਲੈ ਕੇ ਅਤੇ ਸਿੱਖਾਂ ਦੇ ਧਾਰਮਿਕ ਚਿਨ੍ਹਾਂ ਨੂੰ ਲੈ ਕੇ ਵਿਦੇਸ਼ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਕੁਝ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ। ਵਿਦੇਸ਼ੀ ਸਿੱਖਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਵੇਕਲੀ ਪਹਿਲ ਕਰਦਿਆਂ ਇਕ ਅੰਤਰ ਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਸਥਾਪਿਤ ਕੀਤਾ। ਇਸ ਬੋਰਡ ਦਾ ਮੁੱਖ ਕੰਮ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੱਢਣ ਲਈ ਉਥੋਂ ਦੀਆਂ ਸਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਮੁਸ਼ਕਿਲਾਂ ਦਾ ਹੱਲ ਕੱਢਣਾ ਹੈ। ਵਿਦੇਸ਼ ਵਿਚ ਵਸਦੇ ਸਿੱਖਾਂ ਨੂੰ ਦਸਤਾਰ ਧਾਰੀ ਹੋਈ ਹੋਣ ਕਾਰਨ ਅਰਬੀ ਪਹਿਚਾਣ ਦਾ ਭੁਲੇਖਾ ਪੈਂਦਾ ਸੀ। ਇਥੇ ਹੀ ਬਸ ਨਹੀਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਜਿਹੇ ਦੇਸ਼ਾਂ ਵਿਚ ਜਿਥੇ ਲੱਖਾਂ ਦੀ ਗਿਣਤੀ ਵਿਚ ਸਿੱਖ ਵਿਦਿਆਰਥੀ ਸਿਖਿਆ ਹਾਸਲ ਕਰਨ ਲਈ ਗਏ ਹਨ ਨੂੰ ਕਈ ਵਾਰ ਨਸਲੀ ਟਿੱਪਣੀਆਂ ਦਾ ਸਾਮਣਾ ਕਰਨਾ ਪੈਂਦਾ ਹੈ।ਅੰਤਰ ਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੀ ਸਥਾਪਨਾ ਨਾਲ ਵਿਦੇਸ਼ੀ ਸਿੱਖਾਂ ਨੂੰ ਰਾਹਤ ਮਹਿਸੂਸ ਹੋਈ ਹੈ ਤੇ ਵਿਦੇਸ਼ੀ ਸਿੱਖ ਵੀ ਮਹਿਸੂਸ ਕਰਦੇ ਹਨ ਕਿ ਇਸ ਬੋਰਡ ਦੇ ਗਠਨ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਹਲ ਹੋਣ ਵਲ ਵੱਧ ਰਹੀਆਂ ਹਨ।