ਜੰਮੂ ਕਸ਼ਮੀਰ ‘ਚ ਸੁਰੰਗ ਬਣਾਉਣ ਵਾਲੇ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਬਣਾਇਆ ਨਿਸ਼ਾਨਾ, ਸੱਤ ਲੋਕਾਂ ਦੀ ਮੌਤ
ਸ਼੍ਰੀਨਗਰ, 21 ਅਕਤੂਬਰ,ਬੋਲੇ ਪੰਜਾਬ ਬਿਊਰੋ :
ਐਤਵਾਰ ਰਾਤ ਨੂੰ ਗੰਦਰਬਲ ਦੇ ਸੋਨਮਰਗ ਨੇੜੇ ਗਗਨਗੀਰ ਇਲਾਕੇ ‘ਚ ਜ਼ੈੱਡ ਮੋਡ ਟਨਲ ਬਣਾਉਣ ਵਾਲੀ ਕੰਪਨੀ ‘ਚ ਕੰਮ ਕਰ ਰਹੇ ਮਜ਼ਦੂਰਾਂ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ‘ਚ 6 ਮਜ਼ਦੂਰਾਂ ਅਤੇ ਇਕ ਡਾਕਟਰ ਦੀ ਮੌਤ ਹੋ ਗਈ। ਕੁਝ ਹੋਰ ਵਰਕਰ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ ਪੰਜ ਪਰਵਾਸੀ ਮਜ਼ਦੂਰ ਹਨ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਰੇਜ਼ਿਸਟੈਂਸ ਫਰੰਟ (ਟੀਆਰਐਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਗਗਨਗੀਰ ਗੁੰਡ ਇਲਾਕੇ ‘ਚ ਸੁਰੰਗ ਬਣਾ ਰਹੀ ਕੰਪਨੀ ਈਪੀਕੋ ਦੇ ਕਰਮਚਾਰੀਆਂ ਦੇ ਕੈਂਪ ‘ਤੇ ਪਹੁੰਚ ਕੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਦੋ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀਆਂ ਵਿੱਚ ਇੱਕ ਕਸ਼ਮੀਰੀ ਡਾਕਟਰ ਅਤੇ ਚਾਰ ਹੋਰ ਮਜ਼ਦੂਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਡਾਕਟਰ ਸ਼ਾਹਨਵਾਜ਼ ਅਤੇ ਮਜ਼ਦੂਰ ਫਹੀਮ ਨਜ਼ੀਰ, ਕਲੀਮ, ਮੁਹੰਮਦ ਹਨੀਫ, ਸ਼ਸ਼ੀ ਅਬਰੋਲ, ਅਨਿਲ ਸ਼ੁਕਲਾ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿਚ ਗੁਰਮੀਤ ਪੰਜਾਬ, ਅਨਿਲ ਮੱਧ ਪ੍ਰਦੇਸ਼ ਅਤੇ ਹਨੀਫ, ਕਲੀਮ ਅਤੇ ਫਹੀਮ ਬਿਹਾਰ ਤੋਂ ਸਨ।
ਹਮਲਾ ਹੁੰਦੇ ਹੀ ਮੁਲਾਜ਼ਮਾਂ ‘ਚ ਭਗਦੜ ਮੱਚ ਗਈ। ਸੁਰੱਖਿਆ ਬਲਾਂ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਤਾਂ ਜੋ ਅੱਤਵਾਦੀਆਂ ਨੂੰ ਮਾਰਿਆ ਜਾ ਸਕੇ। ਆਈਜੀ ਵੀਕੇ ਵਿਰਦੀ ਵੀ ਮੌਕੇ ‘ਤੇ ਮੌਜੂਦ ਸਨ।