ਇੱਕ ਦਿਨ ‘ਚ 20 ਤੋਂ ਜ਼ਿਆਦਾ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
ਮੁੰਬਈ/ਨਵੀਂ ਦਿੱਲੀ, 21 ਅਕਤੂਬਰ,ਬੋਲੇ ਪੰਜਾਬ ਬਿਊਰੋ :
ਭਾਰਤੀ ਏਅਰਲਾਈਨਜ਼ ਦੇ 20 ਤੋਂ ਜ਼ਿਆਦਾ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਇਨ੍ਹਾਂ ਏਅਰਲਾਈਨਾਂ ਵਿਚ ਇੰਡੀਗੋ, ਵਿਸਤਾਰਾ, ਏਅਰ ਇੰਡੀਆ ਅਤੇ ਅਕਾਸਾ ਏਅਰ ਸ਼ਾਮਲ ਹਨ, ਜਿਨ੍ਹਾਂ ਨੂੰ ਕੌਮਾਂਤਰੀ ਉਡਾਣਾਂ ਸਮੇਤ ਅਪਣੀਆਂ ਉਡਾਣਾਂ ਵਿਚ ਬੰਬ ਹੋਣ ਦੀ ਧਮਕੀ ਮਿਲੀ ਹੈ।
ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਛੇ-ਛੇ ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ। ਇੰਡੀਗੋ ਦੇ ਇਕ ਬੁਲਾਰੇ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਏਅਰਲਾਈਨ ਨੇ ਉਡਾਣਾਂ 6ਈ58 (ਜੇਦਾਹ ਤੋਂ ਮੁੰਬਈ), 6ਈ87 (ਕੋਝੀਕੋਡ ਤੋਂ ਦਮਾਮ), 6ਈ11 (ਦਿੱਲੀ ਤੋਂ ਇਸਤਾਂਬੁਲ), 6ਈ17 (ਮੁੰਬਈ ਤੋਂ ਇਸਤਾਂਬੁਲ), 6ਈ133 (ਪੁਣੇ ਤੋਂ ਜੋਧਪੁਰ) ਅਤੇ 6ਈ112 (ਗੋਆ ਤੋਂ ਅਹਿਮਦਾਬਾਦ) ਉਡਾਣਾਂ ਦੀ ਸਥਿਤੀ ’ਤੇ ਨਜ਼ਰ ਰੱਖੀ ਹੈ।
ਵਿਸਤਾਰਾ ਨੇ ਕਿਹਾ ਕਿ ਉਸ ਨੂੰ ਛੇ ਉਡਾਣਾਂ ਯੂਕੇ 25 (ਦਿੱਲੀ ਤੋਂ ਫ੍ਰੈਂਕਫਰਟ), ਯੂਕੇ 106 (ਸਿੰਗਾਪੁਰ ਤੋਂ ਮੁੰਬਈ), ਯੂਕੇ 146 (ਬਾਲੀ ਤੋਂ ਦਿੱਲੀ), ਯੂਕੇ 116 (ਸਿੰਗਾਪੁਰ ਤੋਂ ਦਿੱਲੀ), ਯੂਕੇ 110 (ਸਿੰਗਾਪੁਰ ਤੋਂ ਪੁਣੇ) ਅਤੇ ਯੂਕੇ 107 (ਮੁੰਬਈ ਤੋਂ ਸਿੰਗਾਪੁਰ) ਨੂੰ ਧਮਕੀਆਂ ਮਿਲੀਆਂ ਹਨ।
ਵਿਸਤਾਰਾ ਦੇ ਬੁਲਾਰੇ ਨੇ ਕਿਹਾ, ‘‘ਪ੍ਰੋਟੋਕੋਲ ਅਨੁਸਾਰ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰਤ ਸੂਚਿਤ ਕਰ ਦਿਤਾ ਗਿਆ ਸੀ ਅਤੇ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਕਿਰਿਆਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ।’’
ਅਕਾਸਾ ਏਅਰ ਦੇ ਬੁਲਾਰੇ ਨੇ ਕਿਹਾ ਕਿ ਉਸ ਦੀਆਂ ਕੁੱਝ ਉਡਾਣਾਂ ਨੂੰ ਐਤਵਾਰ ਨੂੰ ਸੁਰੱਖਿਆ ਚੇਤਾਵਨੀ ਮਿਲੀ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਰਿਸਪਾਂਸ ਟੀਮਾਂ ਸਥਿਤੀ ’ਤੇ ਨਜ਼ਰ ਰੱਖ ਰਹੀਆਂ ਹਨ ਅਤੇ ਸੁਰੱਖਿਆ ਅਤੇ ਰੈਗੂਲੇਟਰੀ ਅਥਾਰਟੀਆਂ ਦੇ ਸੰਪਰਕ ’ਚ ਹਨ। ਸੂਤਰਾਂ ਨੇ ਦਸਿਆ ਕਿ ਏਅਰ ਇੰਡੀਆ ਦੀਆਂ ਘੱਟੋ-ਘੱਟ ਛੇ ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ ਪਰ ਏਅਰਲਾਈਨ ਵਲੋਂ ਤੁਰਤ ਕੋਈ ਟਿਪਣੀ ਨਹੀਂ ਕੀਤੀ ਗਈ। ਇਸ ਹਫਤੇ ਹੁਣ ਤਕ 90 ਤੋਂ ਵੱਧ ਉਡਾਣਾਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲੀਆਂ ਹਨ, ਜੋ ਸਾਰੀਆਂ ਝੂਠੀਆਂ ਸਾਬਤ ਹੋਈਆਂ ਹਨ।