ਸਰਸ ਮੇਲੇ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਬੰਧ ਕੀਤੀਆਂ ਸੰਗੀਤਕ ਸ਼ਾਮਾਂ ਲੋਕਾਂ ਅਤੇ ਨੌਜੁਆਨ ਪੀੜ੍ਹੀ ਦਾ ਕਰ ਰਹੀਆਂ ਹਨ
ਮਨੋਰੰਜਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਅਕਤੂਬਰ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਦੇ ਸਹਿਯੋਗ ਨਾਲ ਦੇਸ਼ ਭਰ ਦੇ ਦਸਤਕਾਰਾਂ ਅਤੇ ਸ਼ਿਲਪਕਾਰਾਂ ਦੀਆਂ ਬਣਾਈਆਂ ਵਸਤਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਲਈ ਕੱਲ੍ਹ ਤੋਂ ਸ਼ੁਰੂ ਕੀਤਾ ਗਿਆ ਸਰਸ ਮੇਲਾ ਅੱਜ ਦੂਸਰੀ ਸੰਗੀਤਕ ਸ਼ਾਮ ਦੌਰਾਨ ਨੌਜੁਆਨਾਂ ਦੇ ਚਹੇਤੇ ਗਾਇਕ ਸ਼ਿਵਜੋਤ ਦੇ ਟੁਣਕਵੇਂ ਬੋਲਾਂ ਨਾਲ ਮਹਿਕ ਉੱਠਿਆ।
ਸ਼ਿਵਜੋਤ ਨੇ ਸਰੋਤਿਆਂ ਦੀ ਮੰਗ ਤੇ ਆਪਣੇ ਚਰਚਿਤ ਗੀਤਾਂ ‘ਪਲਾਜ਼ੋ’, ‘ਸ਼ਰਾਰਾ’, ‘ਮੋਟੀ ਮੋਟੀ ਅੱਖ’ਅਤੇ ‘ਕੰਗਣਾ’ ਸਮੇਤ ਅਨੇਕਾਂ ਗੀਤਾਂ ਦੀ ਤਾਲ ਤੇ ਥਿਰਕਣ ਲਾ ਦਿੱਤਾ। ਸ਼ੋਅ ਨੇ ਲੋਕਾਂ ਦੀ ਭਰਵੀਂ ਹਾਜ਼ਰੀ ਨਾਲ ਮੇਲੇ ਦੀ ਸਫ਼ਲ ਇਬਾਰਤ ਲਿਖੀ ਗਈ ਅਤੇ ਆਉਣ ਵਾਲੇ ਹੋਰ ਸੰਗੀਤਕ ਸ਼ੋਅ ਦੌਰਾਨ ਦਰਸ਼ਕਾਂ ਲਈ ਹੋਰ ਉਮੀਦਾਂ ਦਾ ਮੁੱਢ ਬੰਨ੍ਹ ਦਿੱਤਾ।
ਸ਼ਿਵਜੋਤ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਦਰਸ਼ਕਾਂ ਵਿੱਚ ਲਗਾਤਾਰ ਜੋਸ਼ ਭਰਿਆ ਜਿਸ ਕਾਰਨ ਸਟੇਜ ਦੇ ਸਾਹਮਣੇ ਸਥਾਪਤ ਕੀਤੇ ਗਏ ਬਲਾਕ ਅਤੇ ਖੁੱਲੀ ਜਗ੍ਹਾ ਦਰਸ਼ਕਾਂ ਨਾਲ ਭਰ ਗਈ।
ਗਾਇਕ ਨੇ ਆਪਣੇ ਚਰਚਿਤ ਗਾਣਿਆਂ ਦੇ ਬੋਲਾਂ ਨਾਲ ਇਸ ਸੰਗੀਤਕ ਸ਼ਾਮ ਨੂੰ ਸਿਖਰਾਂ ਤੇ ਪਹੁੰਚਾਇਆ ਅਤੇ ਨੌਜੁਆਨਾਂ ਦੀ ਮੰਗ ਮੁਤਾਬਕ ਇੱਕ ਤੋਂ ਬਾਅਦ ਇੱਕ ਗਾਣਾ ਸੁਣਾਉਂਦੇ ਹੋਏ ਦੋ ਘੰਟੇ ਤੋਂ ਵੱਧ ਸਮੇਂ ਲਈ ਉਨ੍ਹਾਂ ਨੂੰ ਮੰਤਰ ਮੁਗਧ ਕਰੀ ਰੱਖਿਆ।
ਮੇਲਾ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਵਿੱਚ 18 ਅਕਤੂਬਰ ਤੋਂ 27 ਅਕਤੂਬਰ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ ਦਿਨ ਵੇਲੇ ਵੀ ਵੱਖ ਵੱਖ ਰਾਜਾਂ ਦੇ ਕਲਾਕਾਰ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਹਨ ਅਤੇ ਰਾਤ ਨੂੰ ਸੰਗੀਤਕ ਸ਼ਾਮ ਰਾਹੀਂ ਨਾਮਵਰ ਕਲਾਕਾਰ ਉਨ੍ਹਾਂ ਦਾ ਮਨੋਰੰਜਨ ਕਰਨ ਪੁੱਜਦੇ ਹਨ।
ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ 20 ਅਕਤੂਬਰ ਦੀ ਸ਼ਾਮ ਨੂੰ ਫੈਸ਼ਨ ਸ਼ੋਅ ਤੋਂ ਇਲਾਵਾ ਪੰਜਾਬੀ ਗਾਇਕਾ ਪਰੀ ਪੰਧੇਰ, ਬਸੰਤ ਕੁਰ, ਸਵਿਤਾਜ ਬਰਾੜ, 21 ਅਕਤੂਬਰ ਜਸਪ੍ਰੀਤ ਸਿੰਘ ਤੇ ਆਸ਼ੀਸ਼ ਸੋਲੰਕੀ ਵੱਲੋਂ ਕਾਮੇਡੀ ਨਾਈਟ, 22 ਅਕਤੂਬਰ ਨੂੰ ਲਖਵਿੰਦਰ ਵਡਾਲੀ, 23 ਅਕਤੂਬਰ ਨੂੰ ਭੰਗੜਾ ਤੇ ਗਿੱਧਾ (ਯੂਨੀਵਰਸਿਟੀ ਟੀਮਾਂ ਵੱਲੋਂ), 24 ਨੂੰ ਪੰਜਾਬੀ ਗਾਇਕ ਜੋਬਨ ਸੰਧੂ, 25 ਅਕਤੂਬਰ ਨੂੰ ਵੱਖੋ-ਵੱਖਰੇ ਕਲਾਕਾਰ, 26 ਅਕਤੂਬਰ ਨੂੰ ਕੁਲਵਿੰਦਰ ਬਿੱਲਾ ਅਤੇ ਮੇਲੇ ਦੀ ਆਖਰੀ ਰਾਤ 27 ਅਕਤੂਬਰ ਨੂੰ ਗਿੱਪੀ ਗਰੇਵਾਲ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਇਸ ਮੇਲੇ ਦਾ ਆਗਾਜ਼ ਹੋਣ ਤੋਂ ਬਾਅਦ ਲੋਕਾਂ ਨੇ ਦਿਨ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਤੇ ਦਸਤਕਾਰਾਂ ਵੱਲੋਂ ਲਗਾਈਆਂ ਗਈਆਂ ਸਟਾਲਾਂ ’ਤੇ ਖੂਬ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਸੂਬਾਈ ਪਕਵਾਨਾਂ ਦਾ ਲੁਤਫ਼ ਵੀ ਲੋਕਾਂ ਨੇ ਪਰਿਵਾਰਾਂ ਸਮੇਤ ਉਠਾਇਆ।