ਸਰਸ ਮੇਲੇ ਵਿੱਚ ਆਗਰੇ ਦੀ ਸੰਗਮਰਮਰ ਦੀ ਦਸਤਕਾਰੀ ਬਣ ਰਹੀ ਹੈ ਵਿਸ਼ੇਸ਼ ਖਿੱਚ ਦਾ ਕੇਂਦਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਕਤੂਬਰ,ਬੋਲੇ ਪੰਜਾਬ ਬਿਊਰੋ :
ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿਖੇ ਚੱਲ ਰਹੇ ਸਰਸ ਮੇਲੇ ਵਿੱਚ 600 ਤੋਂ ਵਧੇਰੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰਾਂ ਵੱਲੋਂ ਆਪਣੇ ਖੇਤਰ ਦੇ ਸ਼ਿਲਪਕਾਰੀ ਨਮੂਨਿਆਂ ਦੇ 300 ਦੇ ਕਰੀਬ ਸਟਾਲ ਲਗਾਏ ਗਏ ਹਨ, ਜਿੱਥੇ ਸੰਗਮਰਮਰ, ਲੱਕੜੀ, ਕੱਪੜੇ ਅਤੇ ਸਜਾਵਟੀ ਵਸਤਾਂ ਦੇ ਸਟਾਲ ਮੇਲੀਆਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ।
ਮੇਲੇ ਵਿੱਚ ਉੱਤਰ ਪ੍ਰਦੇਸ਼ ਦੇ ਆਗਰਾ ਖੇਤਰ ਦੇ ਕਾਰੀਗਰਾਂ ਵੱਲੋਂ ਸੰਗਮਰਮਰ ਦੀਆਂ ਸਲੇਟਾਂ ਨੂੰ ਤਰਾਸ਼ ਕੇ ਵੱਖ-ਵੱਖ ਤਰ੍ਹਾਂ ਦੇ ਬੁੱਤ ਅਤੇ ਉਨ੍ਹਾਂ ਉੱਤੇ ਰੰਗਾਂ ਅਤੇ ਮੋਤੀਆਂ ਦੇ ਨਾਲ਼ ਸੁੰਦਰ ਕਸ਼ੀਦਾਕਾਰੀ ਕੀਤੀ ਹੋਈ ਹੈ। ਇੱਥੇ ਹੱਥ ਨਾਲ਼ ਸੰਗਮਰਮਰ ਤੋਂ ਬਣੀਆਂ ਵਸਤੂਆਂ ਵਿੱਚ ਹਾਥੀ, ਸ਼ੇਰ, ਪਾਣੀ ਦੇ ਫੁਹਾਰੇ, ਸ਼ਤਰੰਜ, ਗਊ, ਗੌਤਮ ਬੁੱਧ ਦੀਆਂ ਮੂਰਤੀਆਂ, ਖੂਬਸੂਰਤ ਗਮਲੇ, ਲੈਂਪ, ਬੈਠਣ ਲਈ ਸਟੂਲ ਅਤੇ ਹੋਰ ਸਜਾਵਟ ਦੀਆਂ ਵਸਤਾਂ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਰਸੋਈ ਦੀਆਂ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਵਿੱਚ ਚਕਲੇ, ਮਾਮ-ਦਸਤੇ, ਕੁੰਡੀ-ਸੋਟਾ ਵੀ ਖਿੱਚ ਦਾ ਕੇਂਦਰ ਬਣ ਰਹੇ ਹਨ।
ਹਸਤ ਦਸਤਕਾਰੀ ਦੇ ਕਲਾਕਾਰ ਸਲੀਮ ਕੁਰੈਸ਼ੀ ਆਗਰਾ ਨੇ ਗੱਲ ਕਰਦਿਆਂ ਦੱਸਿਆ ਕਿ ਇਹ ਉਨ੍ਹਾਂ ਦਾ ਪੁਸ਼ਤੈਨੀ ਕੰਮ ਹੈ, ਜੋ ਕਿ ਲਗਭਗ ਪਿਛਲੇ 60 ਸਾਲਾਂ ਤੋਂ ਉਨ੍ਹਾਂ ਦੇ ਪਰਿਵਾਰ ਦੁਆਰਾ ਕੀਤਾ ਜਾ ਰਿਹਾ ਹੈ। ਪਹਿਲਾਂ ਇਹ ਕੰਮ ਉਨ੍ਹਾਂ ਦੇ ਦਾਦਾ, ਪਿਤਾ ਅਕਬਰ ਦੁਆਰਾ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸੰਗਮਰਮਰ ਦੀਆਂ ਇਨ੍ਹਾਂ ਮੂਰਤਾਂ ਨੂੰ ਤਿਆਰ ਕਰਨ ਲਈ ਇੱਕੋ ਹੀ ਮੁਕੰਮਲ ਟੁਕੜੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਸਨੂੰ ਛੈਣੀ ਅਤੇ ਹਥੌੜੀ ਦੇ ਨਾਲ ਤਰਾਸ਼ਿਆ ਜਾਂਦਾ ਹੈ ਅਤੇ ਫਿਰ ਜੜਾਉ-ਮੋਤੀ ਅਤੇ ਪੇਂਟ ਨਾਲ਼ ਇਸ ਉੱਤੇ ਕਸੀਦਾਕਾਰੀ ਕੀਤੀ ਜਾਂਦੀ ਹੈ। ਇਹ ਕੰਮ ਘਰ ਦੇ ਸਾਰੇ ਮੈਂਬਰ ਮਰਦ ਅਤੇ ਔਰਤਾਂ ਵੱਲੋਂ ਰਲ ਕੇ ਕੀਤਾ ਜਾਂਦਾ ਹੈ। ਸੰਗਮਰਮਰ ਨਾਲ਼ ਬਣੀ ਕਿਸੇ ਵੀ ਵਸਤੂ ਦੀ ਸਜਾਵਟ/ਮੀਨਾਕਾਰੀ ਕਰਨ ਲਈ ਮੋਤੀਆਂ ਅਤੇ ਪੇਂਟ ਦੀ ਵਰਤੋਂ ਕੀਤੀ ਜਾਂਦੀ ਹੈ। ਪੇਂਟ ਦੀ ਪਰਤ ਨੂੰ ਸੰਗਮਰਮਰ ਉੱਤੇ ਅੱਗ ਦੀ ਮਦਦ ਨਾਲ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਜਿਸ ਨਾਲ ਇਹ ਰੰਗ ਪੱਕੇ ਅਤੇ ਉਘੜ ਕੇ ਬਾਹਰ ਆਉਂਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੇਲੇ ਵਿੱਚ ਲਗਾਏ ਸਟਾਲ ਵਿੱਚ ਜੋ ਵੀ ਸਮਾਨ ਲਿਆਂਦਾ ਗਿਆ ਹੈ। ਉਹ ਸਾਰਾ ਹੱਥ ਨਾਲ ਤਿਆਰ ਕੀਤਾ ਗਿਆ ਹੈ ਅਤੇ ਹਰ ਇੱਕ ਪੀਸ ਆਪਣੇ ਆਪ ਵਿੱਚ ਵਿਲੱਖਣ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਜੋੜ ਨਹੀਂ ਪਾਇਆ ਗਿਆ। ਹੱਥੀਂ ਤਿਆਰ ਕੀਤੇ ਸਮਾਨ ਵਿੱਚ ਜ਼ਿਆਦਾ ਮਜ਼ਬੂਤੀ ਹੁੰਦੀ ਹੈ। ਸਲੀਮ ਕੁਰੇਸ਼ੀ ਨੇ ਦੱਸਿਆ ਕਿ ਉਨ੍ਹਾਂ ਦਾ ਬਣਿਆ ਸਮਾਨ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਭੇਜਿਆ ਜਾਂਦਾ ਹੈ।
ਸਰਸ ਮੇਲੇ ਵਿੱਚ ਅੱਜ ਲੋਕਾਂ ਦੀ ਵੱਡੀ ਗਿਣਤੀ ਚ ਲੱਗੇ ਸਟਾਲਾਂ ਤੇ ਆਮਦ ਦੇਖੀ ਗਈ। ਲੋਕ ਇਨ੍ਹਾਂ ਕਾਰੀਗਰਾਂ ਦੇ ਹਸਤ-ਸ਼ਿਲਪ ਦੇ ਕਾਇਲ ਹਨ ਅਤੇ ਖਰੀਦਦਾਰੀ ਦਿਲਚਸਪੀ ਨਾਲ ਕਰ ਰਹੇ ਹਨ। ਮੇਲੇ ਦੇ ਨੋਡਲ ਅਫ਼ਸਰ (ਵਧੀਕ ਡਿਪਟੀ ਕਮਿਸ਼ਨਰ, ਵਿਕਾਸ) ਸੋਨਮ ਚੌਧਰੀ ਅਨੁਸਾਰ ਸਰਸ ਮੇਲੇ ਦੀ ਮੋਹਾਲੀ ਵਿੱਚ ਪਹਿਲੀ ਵਾਰ ਆਮਦ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਹੱਥੀਂ ਤਿਆਰ ਇਨ੍ਹਾਂ ਮਹੀਨ ਕਾਰੀਗਰੀ ਵਾਲੀਆਂ ਵਸਤਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਲਜ਼ੀਜ਼ ਪਕਵਾਨ ਵੀ ਲੋਕਾਂ ਦੀ ਦਿਲਚਸਪੀ ਦਾ ਕੇਂਦਰ ਹਨ। ਉਨ੍ਹਾਂ ਕਿਹਾ ਕਿ ਮੇਲਾ 27 ਅਕਤੂਬਰ ਤੱਕ ਰੋਜ਼ਾਨਾ ਸਵੇਰੇ 10 ਤੋਂ ਰਾਤ 10 ਵਜੇ ਤੱਕ ਚਲੇਗਾ।