ਲਗਾਤਾਰਤਾ , ਮਿਹਨਤ ਅਤੇ ਜਨੂਨ ਹਨ ਸਫਲਤਾ ਦੀ ਕੂੰਜੀ – ਡਾ: ਸ਼ਿਵ ਕੁਮਾਰ ਗੌਤਮ
ਮੋਹਾਲੀ19 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੇ ਦੁਆਬਾ ਬਿਜ਼ਨਸ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਇੱਕ ਸਫਲ ਉਦਮੀ ਬਣਾਉਣ ਦੇ ਮਨੋਰਥ ਤਹਿਤ ‘ ਉੱਦਮਤਾ ਅਤੇ ਮਾਨਸਿਕ ਸਿਹਤ’ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਦੋਆਬਾ ਬਿਜ਼ਨਸ ਸਕੂਲ ਦੇ ਪੈਰਾ ਮੈਡੀਕਲ ਵਿਭਾਗ ਦੇ ਮੁਖੀ ਰੋਜ਼ੀ ਗੁੱਲ ਨੇ ਸਮਾਗਮ ਦੀ ਮੇਜ਼ਬਾਨੀ ਕੀਤੀ। ਪ੍ਰੋਗਰਾਮ ਵਿੱਚ ਵਿਸ਼ਾ ਮਾਹਰ ਡਾਕਟਰ ਸ਼ਿਵ ਕੁਮਾਰ ਗੌਤਮ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਪ੍ਰੇਰਨਾਦਾਇਕ ਭਾਸ਼ਣ ਦੇ ਨਾਲ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਸ਼ਿਵ ਕੁਮਾਰ ਗੌਤਮ ਨੇ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟ ਕੱਟ ਨਹੀਂ । ਸਫਲਤਾ ਕੇਵਲ ਲਗਾਤਾਰਤਾ , ਸਖਤ ਮਿਹਨਤ ਤੇ ਜਨੂਨ ਦੇ ਨਾਲ ਮਿਲਦੀ ਹੈ । ਉਹਨਾਂ ਕਿਹਾ ਕਿ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਦੇ ਲਈ ਤਿੰਨੋਂ ਸ਼ਰਤਾਂ ਲਾਜ਼ਮੀ ਹਨ ।
ਦੁਆਬਾ ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨੂੰ ਸਫਲ ਉਦਮੀ ਬਣਾਉਣ ਲਈ ਕਰਵਾਏ ਗਏ ਇਸ ਸਮਾਗਮ ਦੇ ਦੌਰਾਨ ਗਰੁੱਪ ਦੇ ਮੈਨੇਜਿੰਗ ਵਾਈਸ ਚੇਅਰਮੈਨ ਐੱਸ ਐੱਸ ਸੰਘਾ ਵੱਲੋਂ ਬੁਲਾਰਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਪਲੇਸਮੈਂਟ ਡਾਕਟਰ ਹਰਪ੍ਰੀਤ ਰਾਏ , ਦੁਆਬਾ ਕਾਲਜ ਆਫ ਫਾਰਮੇਸੀ ਦੇ ਪ੍ਰਿੰਸੀਪਲ ਡਾਕਟਰ ਪ੍ਰੀਤ ਮਹਿੰਦਰ ਸਿੰਘ , ਦੁਆਬਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾਕਟਰ ਸੁਖਜਿੰਦਰ ਸਿੰਘ ਅਤੇ ਡੀਨ ਵਿਦਿਆਰਥੀ ਭਲਾਈ ਮੈਡਮ ਮਨਿੰਦਰ ਪਾਲ ਕੌਰ ਹਾਜ਼ਰ ਸਨ ।
ਪ੍ਰੋਗਰਾਮ ਦੇ ਅਖੀਰ ਵਿੱਚ ਦੁਆਬਾ ਬਿਜ਼ਨਸ ਸਕੂਲ ਦੇ ਪ੍ਰਿੰਸੀਪਲ ਡਾਕਟਰ ਮੀਨੂ ਜੇਟਲੀ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਵਿਦਿਆਰਥੀਆਂ ਨੂੰ ਹਰ ਚੁਨੌਤੀ ਦਾ ਸਾਹਮਣਾ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ । ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਬਹੁਤ ਸਾਰੇ ਸਵਾਲ ਵੀ ਹਾਜ਼ਰ ਬੁਲਾਰਿਆਂ ਦੇ ਅੱਗੇ ਰੱਖੇ ਅਤੇ ਬੁਲਾਰਿਆਂ ਨੇ ਬੜੇ ਹੀ ਸਾਦੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਉੱਤਰ ਦੇ ਕੇ ਵਿਦਿਆਰਥੀਆਂ ਦੀ ਸੰਤੁਸ਼ਟੀ ਕਰਵਾਈ । ਗਰੁੱਪ ਵੱਲੋਂ ਵਿਦਿਆਰਥੀਆਂ ਨੂੰ ਸਫਲ ਉਦਮੀ ਬਣਾਉਣ ਲਈ ਕਰਵਾਇਆ ਗਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।