ਕੈਨੇਡਾ-ਭਾਰਤ ਦੇ ਆਪਸੀ ਵਿਵਾਦ ਕਾਰਨ ਪ੍ਰੇਸ਼ਾਨ ਪ੍ਰਵਾਸੀ ਸਿੱਖਾਂ ਦੇ ਸਬੰਧ ਵਿੱਚ ਅਕਾਲ ਤਖ਼ਤ ਦਖ਼ਲ ਦੇਵੇ:- ਕੇਂਦਰੀ ਸਿੰਘ ਸਭਾ
ਚੰਡੀਗੜ੍ਹ, 18 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਕੈਨੇਡਾ ਭਾਰਤ ਦੇ ਆਪਸੀ ਵਿਵਾਦ ਕਰਕੇ ਪ੍ਰੇਸ਼ਾਨ ਪ੍ਰਵਾਸੀ ਸਿੱਖਾਂ ਦੇ ਸਬੰਧ ਵਿੱਚ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ, ਅਕਾਲ ਤਖ਼ਤ ਦਖ਼ਲ ਦੇਵੇ ਅਤੇ ਪ੍ਰਵਾਸੀਆਂ ਦੇ ਪੰਜਾਬ ਆਉਣ, ਰਿਸ਼ਤੇਦਾਰਾਂ ਨੂੰ ਮਿਲਣ ਲਈ ਲੌੜੀਦੀ ਸਰਕਾਰੀ ਇਜ਼ਾਜਤ ਅਤੇ ਵੀਜ਼ੇ ਉੱਤੇ ਲਾਈਆਂ ਦਿੱਖ-ਅਦਿੱਖ ਰੁਕਾਵਟਾਂ ਦੂਰ ਕਰਵਾਏ।
ਸਿੰਘ ਸਭਾ ਗੁਰਦਵਾਰਿਆਂ ਦੀ ਨੁਮਾਇੰਦਾ ਸੰਸਥਾ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਨੇ ਕਿਹਾ ਕੈਨੇਡਾ-ਭਾਰਤ ਦੇ ਕੂਟਨੀਤਿਕ ਵਿਵਾਦ ਹੁਣ ਨਿਊਜੀਲੈਂਡ, ਇੰਗਲੈਂਡ, ਆਸ੍ਰਟੇਰਲੀਆਂ ਅਤੇ ਅਮਰੀਕਾ ਤੱਕ ਵੀ ਪਹੁੰਚ ਗਿਆ ਹੈ। ਕਿਉਂਕਿ ਇਹ ਪੰਜ ਮੁਲਕ ਗੁਪਤ ਸੂਚਨਾਵਾਂ ਆਪਸ ਵਿੱਚ ਸਾਂਝੀਆਂ ਕਰਦੇ ਹਨ ਅਤੇ ਇਕੋ ਹੀ ਤਰਜ਼ ਦੀ ਕਰਵਾਈ ਵਿਰੋਧੀਆਂ ਵਿਰੁੱਧ ਕਰਦੇ ਹਨ।
ਯਾਦ ਰਹੇ, ਵੱਡੀ ਗਿਣਤੀ ਪ੍ਰਵਾਸੀ ਸਿੱਖ ਇਹਨਾਂ ਹੀ ਪੰਜਾਂ ਮੁਲਕਾਂ ਵਿੱਚ ਹੀ ਰਹਿੰਦੇ ਹਨ। ਅਮਰੀਕਾ ਨੇ ਤਾਂ ਇਕ ਸਾਬਕਾ ਭਾਰਤ ਅਫ਼ਸਰ ਉੱਤੇ ਆਪਣੇ ਦੇਸ਼ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਨੇ ਕੈਨੇਡਾ ਵੱਲੋਂ ਭਾਰਤ ਉੱਤੇ ਲਗਾਏ ਦੋਸ਼ ਦੀ ਹਮਾਇਤ ਕਰ ਕੀਤੀ ਹੈ ਕਿ ਪਿਛਲੇ ਸਾਲ ਕੈਨੇਡਾ ਵਿੱਚ ਮਾਰੇ ਗਏ ਉੱਥੋਂ ਦੇ ਇਕ ਸਿੱਖ ਨਾਗਰਿਕ ਪਿਛੇ “ਭਾਰਤੀ ਏਜੰਟਾ” ਅਤੇ ਉਹਨਾਂ ਨਾਲ ਸਬੰਧਤ ਗੈਂਗ ਮੈਂਬਰਾਂ ਦਾ ਹੱਥ ਸੀ।
ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਅਕਾਲੀ ਦਲ, ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਸਿਆਸੀ ਨੁਮਾਇੰਦਾ ਪਾਰਟੀ ਕਹਿੰਦੇ ਹਨ, ਨੇ ਕੈਨੇਡਾ ਭਾਰਤ ਦੇ ਵਿਗੜ੍ਹੇ ਸਬੰਧਾਂ ਅਤੇ ਪ੍ਰਵਾਸੀ ਸਿੱਖਾਂ ਦੀ ਵਧੀਆਂ ਮੁਸ਼ਕਲਾਂ/ਦੁਸ਼ਵਾਰੀਆਂ ਬਾਰੇ ਜਬਾਨ ਤੱਕ ਨਹੀਂ ਖੋਲੀ। ਇਸੇ ਤਰ੍ਹਾਂ ਪੰਜਾਬ ਵਿਚਲੀ ਮੁੱਖ ਧਾਰਾ ਪਾਰਟੀਆਂ ਅਤੇ ਹੋਰ ਸਿੱਖ ਸੰਸਥਾਵਾਂ ਨੇ ਵੀ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ।
ਅਸੀਂ ਜਮਹੂਰੀਅਤ ਇਨਸਾਫ ਪਸੰਦ ਭਾਰਤੀਆਂ ਨੂੰ ਅਪੀਲ ਕਰਦੇ ਹਾਂ ਕਿ ਸਮੁੱਚਾ ਪ੍ਰਵਾਸੀ ਸਿੱਖ ਭਾਈਚਾਰੇ ਵਿਰੁੱਧ ਖੜ੍ਹੇ ਕੀਤੇ ਹਿੰਦੂਤਵੀ ਬਿਰਤਾਂਤ, ਝੂਠੇ ਸਿਆਸੀ ਪ੍ਰਪੰਚ ਅਤੇ ਫਿਰਕਾਪ੍ਰਸਤ ਕਾਰਵਾਈਆਂ ਦਾ ਵਿਰੋਧ ਕਰਕੇ ਦੇਸ਼ ਅੰਦਰ ਸ਼ਾਂਤੀ ਕਾਇਮ ਰੱਖਣ ਦੇ ਉਪਰਾਲਿਆਂ ਦੀ ਮਦਦ ਕਰਨ।
ਇਸ ਦੇ ਨਾਲ ਹੀ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਪ੍ਰੀਤਮ ਸਿੰਘ ਰੁਪਾਲ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਨੇ ਇਸ ਵਰਤਾਰੇ ’ਤੇ ਚਿੰਤਾ ਜ਼ਾਹਿਰ ਕੀਤੀ ਹੈ।