ਨਾਇਬ ਸਿੰਘ ਸੈਣੀ ਅੱਜ ਮੁੜ ਹਰਿਆਣਾ ਦੀ ਕਮਾਂਡ ਸੰਭਾਲਣਗੇ
ਚੰਡੀਗੜ੍ਹ, 17 ਅਕਤੂਬਰ,ਬੋਲੇ ਪੰਜਾਬ ਬਿਊਰੋ :
ਨਾਇਬ ਸਿੰਘ ਸੈਣੀ ਅੱਜ ਮੁੜ ਹਰਿਆਣਾ ਦੀ ਕਮਾਂਡ ਸੰਭਾਲਣਗੇ। ਉਹ ਪੰਚਕੂਲਾ ਦੇ ਦੁਸਹਿਰਾ ਗਰਾਊਂਡ ‘ਚ ਸੂਬੇ ਦੇ 25ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਹਾਲਾਂਕਿ ਉਹ ਇਸ ਅਹੁਦੇ ‘ਤੇ ਰਹਿਣ ਵਾਲੇ 11ਵੇਂ ਵਿਅਕਤੀ ਹੋਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 37 ਵਿਸ਼ੇਸ਼ ਮਹਿਮਾਨ ਮੌਜੂਦ ਰਹਿਣਗੇ। ਇਨ੍ਹਾਂ ਵਿੱਚ ਵੀਹ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹਨ। ਸੈਣੀ ਦੇ ਨਾਲ 10 ਤੋਂ 12 ਮੰਤਰੀ ਸਹੁੰ ਚੁੱਕ ਸਕਦੇ ਹਨ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉਹ 25,562 ਨੌਕਰੀਆਂ ਦੇ ਨਤੀਜੇ ਜਾਰੀ ਕਰਨਗੇ।
ਨਾਇਬ ਸੈਣੀ ਅੱਜ ਵੀਰਵਾਰ ਨੂੰ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ ਕੁਝ ਹੋਰ ਮੰਤਰੀ ਵੀ ਸਹੁੰ ਚੁੱਕਣਗੇ।ਪੰਚਕੂਲਾ ਦੇ ਸੈਕਟਰ-5 ਦੇ ਸ਼ਾਲੀਮਾਰ ਗਰਾਊਂਡ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਕੇਂਦਰੀ ਕੈਬਨਿਟ ਮੰਤਰੀ, ਮੁੱਖ ਮੰਤਰੀ, ਮੰਤਰੀ ਅਤੇ ਵੱਖ-ਵੱਖ ਰਾਜਾਂ ਦੇ ਨੇਤਾ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਹੀ ਸ਼ਹਿਰ ਪਹੁੰਚੇ।ਅੱਜ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਵੀ.ਵੀ.ਆਈ.ਪੀ. ਪਹੁੰਚਣਗੇ।