ਕਿਹਾ, ਵੋਟਾਂ ਦੀ ਗਿਣਤੀ ਕਰੇ ਬਿਨਾਂ ਹੀ ਸਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਐਲਾਨਿਆ
ਐਸ.ਏ.ਐਸ. ਨਗਰ, 16 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸੀਨੀਅਰ ਕਾਂਗਰਸੀ ਆਗੂ ਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਮੋਹਾਲੀ ਬਲਾਕ ਦੇ ਪਿੰਡ ਬੜਮਾਜਰਾ ਕਾਲੋਨੀ, ਜੁਝਾਰ ਨਗਰ, ਰਾਇਪੁਰ ਤੇ ਬਲੌਂਗੀ ਕਾਲੋਨੀ ਵਿਚ ਪੰਚਾਇਤ ਚੋਣਾਂ ਲਈ ਮੁੜ ਤੋਂ ਵੋਟਾਂ ਪੁਆਈਆਂ ਜਾਣ ਕਿਉਂਕਿ ਇਹਨਾਂ ਪਿੰਡਾਂ ਵਿਚ ਵੋਟਾਂ ਦੀ ਗਿਣਤੀ ਵਿਚ ਧਾਂਦਲੀ ਕਰ ਕੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਹਾਰਿਆ ਕਰਾਰ ਦਿੱਤਾ ਗਿਆ ਹੈ।
ਸ਼੍ਰੀ ਸਿੱਧੂ ਨੇ ਚੋਣ ਅਮਲੇ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਬੜਮਾਜਰਾ ਕਾਲੋਨੀ, ਜੁਝਾਰ ਨਗਰ ਅਤੇ ਰਾਏਪੁਰ ਵਿਚ ਤਾਂ ਵੋਟਾਂ ਦੀ ਗਿਣਤੀ ਕਰੇ ਤੋਂ ਬਿਨਾਂ ਹੀ ਸਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਕਰਾਰ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਚੋਣ ਅਮਲੇ ਨੇ ਗਿਣਤੀ ਤੋਂ ਪਹਿਲਾਂ ਹੀ ਸਾਰੇ ਉਮੀਦਵਾਰਾਂ ਤੋਂ ਕਾਗਜ਼ਾਂ ਉਤੇ ਦਸਤਖ਼ਤ ਕਰਾਉਣ ਤੋਂ ਬਾਅਦ ਵਿਰੋਧੀ ਉਮੀਦਵਾਰਾਂ ਨੂੰ ਧੱਕੇ ਮਾਰ ਕੇ ਗਿਣਤੀ ਕੇਂਦਰਾਂ ਵਿਚੋਂ ਬਾਹਰ ਕੱਢ ਦਿੱਤਾ।
ਕਾਂਗਰਸੀ ਆਗੂ ਨੇ ਕਿਹਾ ਕਿ ਪਿੰਡ ਬੜਮਾਜਰਾ ਕਾਲੋਨੀ ਵਿਚ ਉਹਨਾਂ ਦੇ ਹਿਮਾਇਤੀ ਉਮੀਦਵਾਰ ਨੂੰ 50, ਜੁਝਾਰ ਨਗਰ ਵਿਚ 40 ਅਤੇ ਰਾਇਪੁਰ ਵਿਚ 34 ਵੋਟਾਂ ਦੇ ਫ਼ਰਕ ਨਾਲ ਹਾਰਿਆ ਕਰਾਰ ਦੇ ਦਿਤਾ ਗਿਆ। ਉਹਨਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਮੁੜ ਗਿਣਤੀ ਦੀ ਮੰਗ ਕੀਤੀ ਤਾਂ ਚੋਣ ਅਮਲਾ ਵੋਟ ਪੇਟੀਆਂ ਲੈ ਕੇ ਹੀ ਭੱਜ ਗਿਆ। ਉਹਨਾਂ ਹੋਰ ਦਸਿਆ ਕਿ ਇਸ ਨੰਗੀ ਚਿੱਟੀ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਲੋਕਾਂ ਨੂੰ ਪੁਲੀਸ ਨੇ ਵੀ ਡਰਾਇਆ ਧਮਕਾਇਆ ਅਤੇ ਬਦਕਲਾਮੀ ਕੀਤੀ।
ਸ਼੍ਰੀ ਸਿੱਧੂ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਵਿਚ ਪੀੜਤ ਉਮੀਦਵਾਰਾਂ ਤੇ ਉਹਨਾਂ ਦੇ ਵੱਡੀ ਗਿਣਤੀ ਵਿਚ ਹਿਮਾਇਤੀਆਂ ਨੇ ਰਾਤ 10 ਵਜੇ ਤੋਂ ਲੈ ਕੇ 1.30 ਤੱਕ ਬਲੌਂਗੀ ਬੈਰੀਅਰ ਨੇੜੇ ਸੜਕੀ ਆਵਜਾਈ ਰੋਕੀ, ਪਰ ਪ੍ਰਸਾਸ਼ਨ ਅਧਿਕਾਰੀਆਂ ਦੇ ਕੰਨਾਂ ਉਤੇ ਜੂੰਅ ਨਹੀਂ ਸਰਕੀ।
ਉਹਨਾਂ ਨੇ ਕਿਹਾ ਕਿ ਉਹ ਰਾਜ ਚੋਣ ਕਮਿਸ਼ਨ ਨੂੰ ਇਹਨਾਂ ਪਿੰਡਾਂ ਵਿਚ ਮੁੜ ਤੋਂ ਵੋਟਾਂ ਪੁਆਉਣ ਸਬੰਧੀ ਮੈਮੋਰੰਡਮ ਦੇਣਗੇ ਅਤੇ ਜੇ ਉਹਨਾਂ ਨੇ ਮੁੜ ਵੋਟਾਂ ਪੁਆਉਣ ਲਈ ਹੁਕਮ ਜਾਰੀ ਨਾ ਕੀਤੇ ਤਾਂ ਫਿਰ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਸ਼੍ਰੀ ਸਿੱਧੂ ਨੇ ਭਗਵੰਤ ਮਾਨ ਸਰਕਾਰ ਉਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇਸ ਨੇ ਪੰਚਾਇਤ ਚੋਣਾਂ ਵਿਚ ਵੱਡੇ ਪੱਧਰ ਉਤੇ ਧਾਂਦਲੀਆਂ ਕਰ ਕੇ ਜਿੱਥੇ ਲੋਕਤੰਤਰ ਦਾ ਗਲਾ ਘੁੱਟਿਆ ਹੈ ਉਥੇ ਪਿੰਡਾਂ ਵਿਚ ਤਿੱਖੀ ਧੜੇਬੰਦੀ ਪੈਦਾ ਕਰ ਕੇ ਆਪਸੀ ਭਾਈਚਾਰੇ ਦੀ ਥਾਂ ਨਫ਼ਰਤ ਤੇ ਹਿੰਸਾ ਬੀਜ ਦਿੱਤੀ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਖਤਰਨਾਕ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਿਹਾ, “ਇਹਨਾਂ ਪੰਚਾਇਤੀ ਚੋਣਾਂ ਵਿਚ ਹਰ ਪੱਧਰ ਉਤੇ ਧਾਂਦਲੀ ਤੇ ਧੱਕੇਸ਼ਾਹੀ ਕੀਤੀ ਗਈ ਹੈ। ਪਹਿਲਾਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਵੱਖ ਵੱਖ ਮਹਿਕਮਿਆਂ ਤੋਂ ‘ਬਕਾਇਆ ਨਹੀਂ” ਦੇ ਸਰਟੀਫੀਕੇਟ ਨਹੀਂ ਲੈਣ ਦਿਤੇ ਗਏ, ਨਾਮਜ਼ਾਦਗੀਆਂ ਦਾਖ਼ਲ ਕਰਨ ਦੇ ਆਖਰੀ ਦਿਨ ਦਫਤਰਾਂ ਵਿਚ ਜਾਣ ਨਹੀਂ ਦਿਤਾ ਗਿਆ, ਇਤਰਾਜ਼ ਨਹੀਂ ਲਏ ਗਏ, ਆਖਰੀ ਦਿਨ ਤੱਕ ਜਾਅਲੀ ਵੋਟਾਂ ਬਣਾਈਆਂ ਗਈਆਂ ਅਤੇ ਕੱਲ ਵੋਟਾਂ ਦੀ ਗਿਣਤੀ ਵਿਚ ਹੇਰਾਫੇਰੀ ਕੀਤੀ ਗਈ।”