ਆਕਾਲ ਤਖਤ ਦੇ ਜਥੇਦਾਰ ਵੱਲੋਂ ਵਲਟੋਹਾ ਨੂੰ ਅਕਾਲੀ ਦਲ ਬਾਦਲ ਵਿਚੋਂ ਬਾਹਰ ਕੱਢਣ ਦਾ ਫੁਰਮਾਨ
ਅੰਮ੍ਰਿਤਸਰ 15 ਅਕਤੂਬਰ, ਬੋਲੇ ਪੰਜਾਬ ਬਿਊਰੋ :
ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੇ ਇਕ ਅਹਿਮ ਫੈਸਲਾ ਸੁਣਾਉਂਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਬਾਦਲ ਵਿਚੋਂ ਬਾਹਰ ਕੱਢਣ ਦਾ ਫੁਰਮਾਨ ਸੁਣਾਇਆ ਹੈ। ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਏ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਲਟੋਹਾ ਨੇ ਸ਼ੋਸ਼ਲ ਮੀਡੀਆ ਉਤੇ ਇਕ ਪੋਸਟ ਪਾ ਕੇ ਸੁਖਬੀਰ ਬਾਦਲ ਵਿਰੁੱਧ ਕਾਰਵਾਈ ਕਰਨ ਨੂੰ ਲੈ ਕੇ ਸਵਾਲ ਚੁੱਕੇ ਸਨ। ਜਿਸਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੇ ਨੋਟਿਸ ਲਿਆ ਹੈ।
ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸ਼ੋ੍ਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਇਹ ਆਦੇਸ਼ ਜਾਰੀ ਕੀਤੇ ਹਨ ਕਿ ਉਹ 24 ਘੰਟਿਆਂ ਦੇ ਅੰਦਰ-ਅੰਦਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਰਾ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੇ ਨਾਲ-ਨਾਲ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਵੇ। ਇਥੇ ਹੀ ਬਸ ਨਹੀਂ ਸਿੰਘ ਸਾਹਿਬਾਨ ਨੇ ਪਾਰਟੀ ਪ੍ਰਧਾਨ ਨੂੰ ਇਹ ਵੀ ਆਦੇਸ਼ ਕੀਤੇ ਹਨ ਕਿ ਵਲਟੋਹਾ ਨੂੰ 10 ਸਾਲ ਤੱਕ ਅਕਾਲੀ ਦਲ ਵਿਚ ਸ਼ਾਮਲ ਹੋਣ ਉਤੇ ਪਾਬੰਦੀ ਲਗਾਈ ਜਾਵੇ ਅਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਫਾਰਗ ਕੀਤਾ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਬੁਲਾਰੇ ਵਲਟੋਹਾ ਵੱਲੋਂ ਅਕਾਲ ਤਖ਼ਤ ਸਾਹਿਬ ਅੱਗੇ ਲਿਖਤੀ ਰੂਪ ਵਿਚ ਆਪਣੇ ਗੁਨਾਹਾਂ ਦੀ ਮਾਫੀ ਵੀ ਮੰਗੀ ਗਈ। ਵਲਟੋਹਾ ਨੇ ਦੱਸਿਆ ਕਿ ਜੋ ਵੀ ਸਵਾਲ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਸਨ, ਉਹਨਾਂ ਉਸ ਦੇ ਜਵਾਬ ਵੀ ਦਿੱਤੇ ਹਨ।