ਬਕਾਇਆ ਰਾਸ਼ੀ ਦਾ ਭੁਗਤਾਨ ਨਾ ਹੋਣ ਕਰਨ ਚੰਡੀਗੜ੍ਹ ‘ਚ ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਦਾ ਇਲਾਜ ਬੰਦ
ਚੰਡੀਗੜ੍ਹ, 15 ਅਕਤੂਬਰ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਐਮਸੀਐਚ-32) ਵਿੱਚ ਪੰਜਾਬ ਦੇ ਆਯੂਸ਼ਮਾਨ ਭਾਰਤ ਕਾਰਡ ਧਾਰਕਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਹੈ। ਦੋ ਸਾਲਾਂ ਬਾਅਦ ਇੱਕ ਵਾਰ ਫਿਰ ਹਸਪਤਾਲ ਵਿੱਚ ਪੰਜਾਬ ਦੀ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨਾ ਹੈ।
ਸੋਮਵਾਰ ਨੂੰ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਬਿਨਾਂ ਇਲਾਜ ਦੇ ਹਸਪਤਾਲ ਤੋਂ ਮੋੜ ਦਿੱਤਾ ਗਿਆ। ਆਯੂਸ਼ਮਾਨ ਕਾਰਡ ਰੱਖਣ ਵਾਲੇ ਲਾਭਪਾਤਰੀ ਘੰਟਿਆਂ ਬੱਧੀ ਕਾਊਂਟਰ ‘ਤੇ ਜਾ ਕੇ ਮਿੰਨਤਾਂ ਕਰਦੇ ਰਹੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।ਜੀਐਮਸੀਐਚ ਦੇ ਅਧਿਕਾਰੀ ਇਲਾਜ ਬੰਦ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਪਿਛਲੇ ਦੋ ਮਹੀਨਿਆਂ ਤੋਂ ਬਕਾਇਆ ਭੁਗਤਾਨ ਦੀ ਉਡੀਕ ਕਰ ਰਹੇ ਸਨ।
ਜੀਐਮਸੀਐਚ-32 ਦੇ ਮੈਡੀਕਲ ਸੁਪਰਡੈਂਟ ਪ੍ਰੋ. ਸੁਧੀਰ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸੇ ਤਕਨੀਕੀ ਖਰਾਬੀ ਕਾਰਨ ਸਾਨੂੰ ਦੋ ਦਿਨ ਦਾ ਸਮਾਂ ਦੇਣ ਲਈ ਕਿਹਾ ਸੀ ਪਰ ਉਦੋਂ ਤੋਂ ਲੈ ਕੇ ਕਰੀਬ ਦੋ ਮਹੀਨੇ ਹੋ ਗਏ ਹਨ ਅਤੇ ਸੂਬਾਈ ਅਧਿਕਾਰੀ ਅਦਾਇਗੀ ਰੋਕ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪਹਿਲਾਂ ਵੀ ਡਿਫਾਲਟਰ ਰਿਹਾ ਹੈ। ਇਲਾਜ ਤੋਂ ਬਾਅਦ ਪੈਸੇ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ ਬਕਾਇਆ ਨਾ ਦੇਣ ਕਾਰਨ ਮਰੀਜ਼ਾਂ ਦੇ ਇਲਾਜ ਵਿੱਚ ਵਿਘਨ ਪੈ ਰਿਹਾ ਹੈ।