ਏਜੀਟੀਐਫ ਨੇ ਸੁਭਾਸ਼ ਉਰਫ਼ ਸਾਹੂ ਦੇ ਕਤਲ ਦੀ ਗੁੱਥੀ ਸੁਲਝਾਈ
ਚੰਡੀਗੜ੍ਹ, 14 ਅਕਤੂਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਐਸਏਐਸ ਨਗਰ (ਮੁਹਾਲੀ) ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਰਾਜਸਥਾਨ ਵਿੱਚ ਦਿਨ-ਦਿਹਾੜੇ ਸੁਭਾਸ਼ ਉਰਫ਼ ਸਾਹੂ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਅੱਜ ਸੋਮਵਾਰ ਨੂੰ ਕਿਹਾ ਕਿ ਪਵਿੱਤਰ ਯੂਐਸਏ ਅਤੇ ਮਨਜਿੰਦਰ ਫਰਾਂਸ ਦੁਆਰਾ ਸਮਰਥਤ ਗੈਂਗਸਟਰ ਮਾਡਿਊਲ ਦੇ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੁਭਾਸ਼ ਸੋਹੂ ਦੇ 8 ਅਕਤੂਬਰ 2024 ਨੂੰ ਜੋਧਪੁਰ ਦੇ ਸੰਗਰੀਆ ‘ਚ ਸਿਰ ‘ਚ ਪੰਜ ਗੋਲੀਆਂ ਮਾਰੀਆਂ ਗਈਆਂ ਸਨ। ਇਸ ਸਬੰਧੀ ਥਾਣਾ ਬਸਨੀ ਵਿਖੇ ਐਫਆਈਆਰ ਦਰਜ ਕੀਤੀ ਗਈ ਸੀ।
ਯਾਦਵ ਨੇ ਦੱਸਿਆ ਕਿ ਚਾਰੇ ਮੁਲਜ਼ਮ ਇਸ ਸਮੇਂ ਡੇਰਾਬਸੀ ਥਾਣੇ ਵਿੱਚ ਪੁਲਿਸ ਰਿਮਾਂਡ ਉੱਤੇ ਹਨ ਅਤੇ ਪੁੱਛਗਿੱਛ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਭਾਨੂ ਸਿਸੋਦੀਆ ਨੇ ਫਰਵਰੀ 2024 ਵਿੱਚ ਆਪਣੇ ਸਾਥੀ ਅਨਿਲ ਲੇਗਾ ਦੇ ਕਤਲ ਦਾ ਬਦਲਾ ਲੈਣ ਲਈ ਇਸ ਕਤਲ ਦੀ ਯੋਜਨਾ ਬਣਾਉਣ ਗੱਲ ਕਬੂਲ ਕੀਤੀ ਹੈ। ਮੋ. ਆਸਿਫ਼ ਅਤੇ ਅਨਿਲ ਕੁਮਾਰ ਗੋਦਾਰਾ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।