ਛਤਰਪੁਰ: ਕੁਰੂਕਸ਼ੇਤਰ-ਖਜੁਰਾਹੋ ਐਕਸਪ੍ਰੈਸ ‘ਚ ਲੱਗੀ ਅੱਗ, ਯਾਤਰੀਆਂ ‘ਚ ਹਫੜਾ ਦਫੜੀ, ਚੇਨ ਖਿੱਚ ਕੇ ਰੋਕੀ ਟਰੇਨ
ਛਤਰਪੁਰ, 13 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਟਲ ਗਿਆ। ਇੱਥੇ ਕੁਰੂਕਸ਼ੇਤਰ ਤੋਂ ਖਜੂਰਾਹੋ ਜਾ ਰਹੀ ਟਰੇਨ ਨੰਬਰ 11842 ਦੇ ਇੱਕ ਡੱਬੇ ਨੂੰ ਅੱਗ ਲੱਗ ਗਈ। ਅੱਗਜ਼ਨੀ ਦੀ ਘਟਨਾ ਤੋਂ ਬਾਅਦ ਟਰੇਨ ‘ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਦੌਰਾਨ ਡਰੇ ਹੋਏ ਯਾਤਰੀਆਂ ਨੇ ਟਰੇਨ ਦੀ ਚੇਨ ਖਿੱਚ ਦਿੱਤੀ। ਟਰੇਨ ਨੂੰ ਈਸ਼ਾਨਗਰ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਯਾਤਰੀਆਂ ਅਤੇ ਰੇਲਵੇ ਕਰਮਚਾਰੀਆਂ ਦੀ ਸੂਝ-ਬੂਝ ਸਦਕਾ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਟਰੇਨ ਆਪਣੇ ਨਿਰਧਾਰਿਤ ਸਮੇਂ ਤੋਂ ਇੱਕ ਘੰਟਾ ਦੇਰੀ ਨਾਲ ਰਵਾਨਾ ਹੋਈ। ਇਸ ਅੱਗ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਦਰਅਸਲ ਕੁਰੂਕਸ਼ੇਤਰ ਤੋਂ ਖਜੁਰਾਹੋ ਜਾ ਰਹੀ ਟਰੇਨ ਨੰਬਰ 11842 ਦੇ ਡੀ-5 ਕੋਚ ਨੂੰ ਈਸ਼ਾਨਗਰ ਸਟੇਸ਼ਨ ਦੇ ਕੋਲ ਅਚਾਨਕ ਅੱਗ ਲੱਗ ਗਈ। ਕੋਚ ‘ਚੋਂ ਧੂੰਆਂ ਨਿਕਲਦਾ ਦੇਖ ਕੇ ਯਾਤਰੀਆਂ ‘ਚ ਹਫੜਾ ਦਫੜੀ ਮੱਚ ਗਈ। ਅੱਗ ਨੂੰ ਸਵਾਰੀਆਂ ਸਮੇਤ ਸਟੇਸ਼ਨ ਮਾਸਟਰ ਨੇ ਦੇਖ ਲਿਆ ਸੀ। ਟਰੇਨ ‘ਚ ਸਵਾਰ ਯਾਤਰੀਆਂ ਨੇ ਚੇਨ ਖਿੱਚ ਕੇ ਟਰੇਨ ਨੂੰ ਰੋਕ ਲਿਆ। ਰੇਲਗੱਡੀ ਦਾ ਡੀ5 ਕੋਚ ਜਨਰਲ ਹੋਣ ਕਾਰਨ ਇਸ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਬੈਠੇ ਸਨ। ਯਾਤਰੀਆਂ ਨੂੰ ਟਰੇਨ ਤੋਂ ਹੇਠਾਂ ਉਤਾਰਿਆ ਗਿਆ। ਇਸ ਘਟਨਾ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਤੁਰੰਤ ਜਾਂਚ ਕੀਤੀ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਅੱਗ ਬੁਝਾਈ ਗਈ।
ਦੱਸਿਆ ਜਾ ਰਿਹਾ ਹੈ ਕਿ ਮੋਟਰ ਦੀ ਬੈਲਟ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗੀ ਸੀ। ਕਰੀਬ ਇੱਕ ਘੰਟੇ ਬਾਅਦ ਟਰੇਨ ਨੂੰ ਅੱਗੇ ਭੇਜ ਦਿੱਤਾ ਗਿਆ। ਇਹ ਹਾਦਸਾ ਰੇਲਵੇ ਸਟੇਸ਼ਨ ‘ਤੇ ਵਾਪਰਿਆ ਜਿਸ ਕਾਰਨ ਰੇਲਵੇ ਸਟੇਸ਼ਨ ਦੇ ਸਟਾਫ਼ ਦੀ ਸੂਝ-ਬੂਝ ਸਦਕਾ ਅੱਗ ‘ਤੇ ਕਾਬੂ ਪਾਇਆ ਜਾ ਸਕਿਆ | ਜੇਕਰ ਇਹ ਹਾਦਸਾ ਰਸਤੇ ਵਿੱਚ ਕਿਤੇ ਵਾਪਰ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਸਟੇਸ਼ਨ ਮਾਸਟਰ ਆਸ਼ੀਸ਼ ਯਾਦਵ ਨੇ ਦੱਸਿਆ ਕਿ ਜਦੋਂ ਟਰੇਨ ਚੱਲਣ ਲੱਗੀ ਤਾਂ ਉਨ੍ਹਾਂ ਦੀ ਨਜ਼ਰ ਕੋਚ ‘ਤੇ ਪਈ। ਅੱਗ ਅਤੇ ਧੂੰਆਂ ਦੇਖ ਕੇ ਟਰੇਨ ਨੂੰ ਰੋਕ ਦਿੱਤਾ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਜੇਕਰ ਚੱਲਦੀ ਟਰੇਨ ‘ਚ ਹਾਦਸਾ ਵਾਪਰ ਜਾਂਦਾ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ। ਫਿਲਹਾਲ ਜਾਂਚ ਚੱਲ ਰਹੀ ਹੈ।