ਸੰਯੁਕਤ ਕਿਸਾਨ ਮੋਰਚਾ, ਆੜਤੀ ਐਸੋਸੀਏਸ਼ਨਾਂ ਅਤੇ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਸੱਦੇ ਤੇ ਪੰਜਾਬ ਭਰ ਵਿੱਚ ਰਹੀਆਂ ਸੜਕਾਂ ਜਾਮ

ਚੰਡੀਗੜ੍ਹ

ਸੈਂਕੜੇ ਥਾਵਾਂ ਤੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ ਅਤੇ ਸੈਲਰ ਮਾਲਕਾਂ  ਨੇ ਲਾਏ ਜਾਮ

ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਤੇ ਕੀਤਾ ਜਾਵੇਗਾ ਹੋਰ ਤਕੜਾ ਐਕਸ਼ਨ ਪ੍ਰੋਗਰਾਮ – ਐਸ ਕੇ ਐਮ

14 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ, ਆੜਤੀਆ ਐਸੋਸੀਏਸ਼ਨਾ, ਸੈਲਰ ਮਾਲਕਾਂ ਅਤੇ ਮਜ਼ਦੂਰਾਂ ਦੀ ਚੰਡੀਗੜ੍ਹ ਵਿਖੇ ਫਿਰ ਹੋਵੇਗੀ ਸਾਂਝੀ ਮੀਟਿੰਗ

ਚੰਡੀਗੜ੍ਹ  13 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਸੰਯੁਕਤ ਕਿਸਾਨ ਮੋਰਚਾ ਪੰਜਾਬ, ਆੜਤੀ ਐਸੋਸੀਏਸ਼ਨਾਂ ਅਤੇ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਸਾਂਝੇ ਸੱਦੇ ਤੇ ਝੋਨੇ ਦੀ ਸੁਚਾਰੂ ਖਰੀਦ ਕਰਵਾਉਣ, ਸ਼ੈਲਰਾਂ ਅਤੇ ਗੋਦਾਮਾਂ ਵਿਚੋਂ ਪੁਰਾਣੇ ਮਾਲ ਦੀ ਲਿਫਟਿੰਗ ਕਰਵਾਉਣ ਆੜਤੀਆਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਅੱਜ ਪੰਜਾਬ ਭਰ ਵਿੱਚ ਤਿੰਨ ਘੰਟਿਆਂ ਲਈ ਸੜਕਾਂ ਜਾਮ ਰਹੀਆਂ।

 ਸੜਕਾਂ ਜਾਮ ਕਰਨ ਦਾ ਇਹ ਸਿਲਸਿਲਾ 12 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਤਿੰਨ ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਬੱਸਾਂ, ਟਰੱਕਾਂ ਅਤੇ ਕਾਰਾਂ ਦੀਆਂ ਸੜਕਾਂ ਤੇ ਲਾਈਨਾਂ ਲੱਗ ਗਈਆਂ। ਸਾਂਝੇ ਸੰਘਰਸ਼ ਦੇ ਹੈਡਕੁਆਰਟਰ ਤੇ ਪੁੱਜੀਆਂ ਰਿਪੋਰਟਾਂ ਅਨੁਸਾਰ ਸੂਬੇ ਭਰ ਵਿੱਚ 125 ਤੋਂ ਵੱਧ ਥਾਵਾਂ ਤੇ ਕੌਮੀ ਅਤੇ ਰਾਜ ਮਾਰਗਾਂ ਤੇ ਚੱਕਾ ਜਾਮ ਕੀਤਾ ਗਿਆ। 

ਵੱਖ-ਵੱਖ ਥਾਵਾਂ ਤੇ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ, ਬੂਟਾ ਸਿੰਘ ਬੁਰਜ ਗਿੱਲ , ਰਾਮਿੰਦਰ ਸਿੰਘ ਪਟਿਆਲਾ, ਗੁਰਮੀਤ ਸਿੰਘ ਮਹਿਮਾ, ਰੁਲਦੂ ਸਿੰਘ ਮਾਨਸਾ , ਡਾ.ਸਤਨਾਮ ਸਿੰਘ ਅਜਨਾਲਾ, ਹਰਮੀਤ ਸਿੰਘ ਕਾਦੀਆਂ, ਸੁਖਦੇਵ ਸਿੰਘ ਅਰਾਈਆਂਵਾਲਾ, ਬਲਦੇਵ ਸਿੰਘ ਨਿਹਾਲਗੜ੍ਹ, ਬਲਵਿੰਦਰ ਸਿੰਘ ਮੱਲੀ ਨੰਗਲ, ਸੁੱਖ ਗਿੱਲ ਮੋਗਾ, ਫੁਰਮਾਨ ਸਿੰਘ ਸੰਧੂ, ਮਲੂਕ ਸਿੰਘ ਹੀਰਕੇ, ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਜੰਗਵੀਰ ਸਿੰਘ ਚੌਹਾਨ, ਹਰਦੇਵ ਸਿੰਘ ਸੰਧੂ, ਵੀਰ ਸਿੰਘ ਬੜਵਾ, ਨਛੱਤਰ ਸਿੰਘ ਜੈਤੋ, ਹਰਬੰਸ ਸੰਘਾ, ਪ੍ਰੇਮ ਸਿੰਘ ਭੰਗੂ, ਮੇਜਰ ਸਿੰਘ ਪੁੰਨਾਂਵਾਲ, ਹਰਜਿੰਦਰ ਸਿੰਘ ਟਾਂਡਾ, ਕੰਵਲਪ੍ਰੀਤ ਸਿੰਘ ਪੰਨੂ, ਆੜਤੀਆਂ ਐਸੋਸੀਏਸ਼ਨਾਂ ਦੇ ਰਵਿੰਦਰ ਸਿੰਘ ਚੀਮਾ, ਵਿਜੇ ਕਾਲੜਾ, ਸ਼ੈਲਰ ਮਾਲਕ ਐਸੋਸੀਏਸ਼ਨ ਦੇ ਤਰਸੇਮ ਸੈਣੀ ਅਤੇ ਭਾਰਤ ਭੂਸ਼ਨ ਬਿੰਟਾ ਨੇ ਕਿਹਾ ਕਿ ਜਿੰਨਾ ਚਿਰ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਹੋ ਕੇ ਸਪੇਸ ਨਹੀਂ ਬਣਦੀ ਅਤੇ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਸ਼ੁਰੂ ਨਹੀਂ ਹੁੰਦੀ ਉਨਾਂ ਚਿਰ ਸੰਘਰਸ਼ ਜਾਰੀ ਰਹੇਗਾ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਹੋਵੇਗੀ।

ਆਗੂਆਂ ਨੇ ਕਿਹਾ ਕਿ ਸੰਸਾਰ ਵਪਾਰ ਸੰਸਥਾ ਅਤੇ ਕਾਰਪੋਰੇਟ ਘਰਾਣਿਆਂ ਦੀ ਮਿਲੀ ਭੁਗਤ ਨਾਲ ਕੇਂਦਰ ਅਤੇ ਪੰਜਾਬ ਸਰਕਾਰ ਮੰਡੀਕਰਨ ਨੂੰ ਬਰਬਾਦ ਕਰਕੇ ਖੇਤੀ ਖੇਤਰ ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਇਸ ਲਈ ਪਿਛਲੇ ਸਾਲ ਦੇ ਚੌਲਾਂ ਦੀ ਵੀ ਸੈਲਰਾਂ ਵਿੱਚੋਂ ਲਿਫਟਿੰਗ ਨਹੀਂ ਕੀਤੀ ਗਈ ਅਤੇ ਹੁਣ ਤੱਕ ਸਪੈਸ਼ਲ ਟ੍ਰੇਨਾਂ ਰਾਹੀ ਅਨਾਜ ਦੀ ਲਿਫਟਿੰਗ ਵੀ ਕੱਛੂ ਦੀ ਤੋਰ ਚੱਲ ਰਹੀ ਹੈ। 

 ਬੁਲਾਰਿਆਂ ਨੇ ਕਿਹਾ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਸੂਬੇ ਦੀ ਆਰਥਿਕਤਾ ਨੂੰ ਬਰਬਾਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਆੜਤੀਆਂ ਐਸੋਸੀਏਸ਼ਨਾਂ, ਵਪਾਰ ਮੰਡਲ, ਸੈਲਰ ਮਾਲਕ ਅਤੇ ਸਮੂਹ ਪੰਜਾਬੀ ਲੋਕ ਇਹਨਾਂ ਚਾਲਾਂ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਣਗੇ।

ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ੈਲਰਾਂ ਵਿੱਚ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਝੋਨਾ ਭੰਡਾਰ ਕਰਨ ਲਈ ਕਦਮ ਚੁੱਕੇ ਤਾਂ ਜੋ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੇ ਨਾਲ ਨਾਲ ਖੇਤੀ ਸਨਅਤ ਨੂੰ ਵੀ ਬਚਾਇਆ ਜਾ ਸਕੇ।ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸੱਮਸਿਆ ਹੱਲ ਨਾ ਕੀਤੀ ਤਾਂ ਉਸ ਨੂੰ ਹੋਰ ਵੀ ਸਖਤ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ।

ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਵਪਾਰ ਮੰਡਲਾਂ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਕੱਲ੍ਹ ਦੀ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 12 ਵਜੇ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *