ਈਡੀ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਦੇ ਘਰ ਛਾਪਾ
ਚੰਡੀਗੜ੍ਹ, 12 ਅਕਤੂਬਰ,ਬੋਲੇ ਪੰਜਾਬ ਬਿਊਰੋ :
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ੁਕਰਵਾਰ ਸ਼ਾਮ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਸਮਾਲਖਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਤੇ ਭੁਪਿੰਦਰ ਸਿੰਘ ਹੁੱਡਾ ਦੇ ਕਰੀਬੀ ਧਰਮ ਸਿੰਘ ਛੋਕਰ ਦੇ ਘਰ ਛਾਪਾ ਮਾਰਿਆ। ਈ.ਡੀ. ਦੀ ਟੀਮ 4 ਗੱਡੀਆਂ ’ਚ ਛੋਕਰ ਦੇ ਘਰ ਪਹੁੰਚੀਆਂ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਧਰਮ ਸਿੰਘ ਛੋਕਰ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕੀਤੇ ਸਨ। ਅਦਾਲਤ ਨੇ ਚਿਤਾਵਨੀ ਦਿਤੀ ਸੀ ਕਿ ਜਾਂ ਤਾਂ ਧਰਮ ਸਿੰਘ ਆਤਮ ਸਮਰਪਣ ਕਰ ਦੇਵੇ, ਨਹੀਂ ਤਾਂ ਪੁਲਿਸ ਗ੍ਰਿਫਤਾਰ ਕਰ ਲਵੇਗੀ। ਇਸ ਤੋਂ ਬਾਅਦ ਧਰਮ ਸਿੰਘ ਨੇ ਨਾ ਤਾਂ ਆਤਮ ਸਮਰਪਣ ਕੀਤਾ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਅਜੇ ਅਧਿਕਾਰਤ ਤੌਰ ’ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਧਰਮ ਸਿੰਘ ਦੀ ਰਿਹਾਇਸ਼ ’ਤੇ ਈ.ਡੀ. ਦੀ ਛਾਪੇਮਾਰੀ ਗ੍ਰਿਫਤਾਰੀ ਜਾਂ ਜਾਂਚ ਨਾਲ ਸਬੰਧਤ ਹੈ ਜਾਂ ਨਹੀਂ। ਈ.ਡੀ. ਨੇ 14 ਮਹੀਨੇ ਪਹਿਲਾਂ ਮਾਮਲਾ ਦਰਜ ਕੀਤਾ ਸੀ।