EVM ’ਚ ਕਥਿਤ ਗੜਬੜੀ ਨੂੰ ਲੈ ਕੇ 20 ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਉਮੀਦਵਾਰਾਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ
ਨਵੀਂ ਦਿੱਲੀ, 12 ਅਕਤੂਬਰ,ਬੋਲੇ ਪੰਜਾਬ ਬਿਊਰੋ :
ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ’ਚ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਸ਼ੁਕਰਵਾਰ ਨੂੰ ਚੋਣ ਕਮਿਸ਼ਨ ਨੂੰ ਹੋਰ ਸ਼ਿਕਾਇਤਾਂ ਸੌਂਪੀਆਂ।
20 ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਉਮੀਦਵਾਰਾਂ ਵਲੋਂ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤਾਂ ’ਚ ਉਨ੍ਹਾਂ ਦੋਸ਼ ਲਾਇਆ ਕਿ 8 ਅਕਤੂਬਰ ਨੂੰ ਹੋਈਆਂ ਵੋਟਾਂ ਦੀ ਗਿਣਤੀ ਦੌਰਾਨ ਕੁੱਝ EVM ਦੀਆਂ ਬੈਟਰੀਆਂ 99 ਫ਼ੀ ਸਦੀ ਚਾਰਜ ਕੀਤੀਆਂ ਗਈਆਂ ਸਨ। ਇਹ ਸ਼ਿਕਾਇਤਾਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਦਰਜ ਕੀਤੀਆਂ ਗਈਆਂ ਹਨ। ਕਾਂਗਰਸ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ‘ਅਣਕਿਆਸੇ’ ਹਨ ਅਤੇ ਕੁੱਝ ਸੀਟਾਂ ’ਤੇ EVM ’ਚ ਕਥਿਤ ਗੜਬੜ ਹੈ।
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ 9 ਅਕਤੂਬਰ ਨੂੰ ਵੀ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਸੌਂਪੀਆਂ ਸਨ। ਅਸੀਂ ਹਰਿਆਣਾ ਦੇ 20 ਵਿਧਾਨ ਸਭਾ ਹਲਕਿਆਂ ’ਚ ਚੋਣ ਪ੍ਰਕਿਰਿਆ ’ਚ ਗੰਭੀਰ ਅਤੇ ਸਪੱਸ਼ਟ ਬੇਨਿਯਮੀਆਂ ਨੂੰ ਉਜਾਗਰ ਕਰਦਿਆਂ ਇਕ ਅੱਪਡੇਟ ਮੰਗ ਪੱਤਰ ਦਿਤਾ ਹੈ।
ਕਮਿਸ਼ਨ ਨੂੰ ਸੌਂਪੇ ਗਏ ਮੰਗ ਪੱਤਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕਮਿਸ਼ਨ ਇਸ ਦਾ ਨੋਟਿਸ ਲਵੇਗਾ ਅਤੇ ਉਚਿਤ ਹੁਕਮ ਜਾਰੀ ਕਰੇਗਾ।