ਰਾਮ ਲੀਲਾ ਤੋਂ ਮਿਲਦੀ ਹੈ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ: ਡਾ. ਅਮਰ ਸਿੰਘ
ਫ਼ਤਹਿਗੜ੍ਹ ਸਾਹਿਬ, 12 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸਾਡਾ ਸੱਭਿਆਚਾਰ ਤੇ ਧਾਰਮਿਕ ਰੀਤਾਂ ਬਹੁਤ ਮਹਾਨ ਹਨ, ਜਿਨ੍ਹਾਂ ਤੋਂ ਸਾਨੂੰ ਹੱਕ ਸੱਚ ਲਈ ਲੜਨ ਦੀ ਪ੍ਰੇਰਨਾ ਮਿਲਦੀ ਹੈ। ਇਨ੍ਹਾਂ ਮਹਾਨ ਆਦਰਸ਼ਾਂ ਸਦਕਾ ਹੀ ਭਾਰਤ ਦੇ ਲੋਕ ਹੱਕ ਸੱਚ ਲਈ ਜੂਝਦੇ ਰਹੇ ਹਨ ਤੇ ਜੂਝਦੇ ਰਹਿਣਗੇ ਤੇ ਕਦੇ ਵੀ ਕਿਸੇ ਵੀ ਕਿਸਮ ਦੀ ਵਧੀਕੀ ਜਾਂ ਆਪਣੇ ਹੱਕਾਂ ਉਤੇ ਡਾਕਾ ਬਰਦਾਸ਼ਤ ਨਹੀਂ ਕਰਨਗੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਨੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨਾਲ ਪਿੰਡ ਚਨਾਰਥਲ ਕਲਾਂ ਵਿਖੇ ਰਾਮਲੀਲਾ ਦੇ 09ਵੇਂ ਦਿਨ ਮੌਕੇ ਹਾਜ਼ਰੀ ਲਗਵਾਉਣ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਇਸ ਇਤਿਹਾਸਕ ਪਿੰਡ ਵਿੱਚ ਇਹ 163ਵੀਂ ਰਾਮਲੀਲਾ ਹੋ ਰਹੀ ਹੈ ਭਾਵ ਰਾਮ ਲੀਲਾ ਹੁੰਦੀ ਨੂੰ 162 ਸਾਲ ਹੋ ਚੁੱਕੇ ਹਨ।
ਉਨਾ ਨੇ ਕਿਹਾ ਕਿ ਜਿਵੇਂ ਭਗਵਾਨ ਸ੍ਰੀ ਰਾਮ ਨੇ ਰਾਵਣ ਨੂੰ ਮਾਤ ਦਿੱਤੀ ਤੇ ਉਨ੍ਹਾਂ ਦੀ ਜਿੱਤ ਬੁਰਾਈ ਉਤੇ ਨੇਕੀ ਦੀ ਜਿੱਤ ਬਣੀ, ਉਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਵਿੱਚ ਹਰ ਪਲ ਬੁਰਾਈ ਖਿਲਾਫ ਡਟੇ ਰਹਿਣਾ ਚਾਹੀਦਾ ਹੈ। ਕਦੇ ਵੀ ਕਿਸੇ ਦੇ ਹੱਕ ਨਹੀਂ ਮਾਰਨੇ ਚਾਹੀਦੇ ਤੇ ਨਾ ਹੀ ਆਪਣੇ ਹੱਕ ਲੈਣ ਤੋਂ ਕਦੇ ਪਿੱਛੇ ਹਟਣਾ ਚਾਹੀਦਾ ਹੈ। ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਰਾਮ ਲੀਲਾ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਚਾਹੇ ਸਾਨੂੰ ਜ਼ਿੰਦਗੀ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਣ, ਉਨ੍ਹਾਂ ਤੋਂ ਘਰਾਉਣਾ ਕਦੇ ਵੀ ਨਹੀਂ ਤੇ ਸੱਚ ਦਾ ਸਾਥ ਨਹੀਂ ਛੱਡਣਾ।ਇਸ ਦੌਰਾਨ ਰਾਮਲੀਲਾ ਕਮੇਟੀ ਵੱਲੋ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।