ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਦੇ ਦਖਲ ਨੇ ਅਨੀਤਾ ਨੂੰ ਨਕਲੀ ਪੈਰ ਲਗਵਾਉਣ ਵਿੱਚ ਮਦਦ ਕੀਤੀ
ਐਸ.ਏ.ਐਸ.ਨਗਰ, 12 ਅਕਤੂਬਰ, ਬੋਲੇ ਪੰਜਾਬ ਬਿਊਰੋ :
ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਦਾ ਦਖਲ ਆਖਰਕਾਰ ਅਨੀਤਾ ਲਈ ਆਪਣਾ ਸੱਜਾ ਟ੍ਰਾਂਸ ਫੈਮੋਰਲ ਪ੍ਰੋਸਥੇਸਿਸ (ਨਕਲੀ ਅੰਗ) ਲਗਵਾਉਣ ਵਿੱਚ ਮਦਦਗਾਰ ਸਾਬਤ ਹੋਇਆ, ਜਿਸ ਲਈ ਉਹ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਸੀ।
ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਵਿਨੀਤ ਵਰਮਾ ਨੇ ਦੱਸਿਆ ਕਿ ਅਨੀਤਾ (ਰਾਕੇਸ਼ ਕੁਮਾਰ, ਈ ਐੱਸ ਆਈ ਸੀ ਲਾਭਪਾਤਰੀ) ਦਾ ਕੇਸ ਉਸ ਦੇ ਖਰਾਬ ਹੋਏ ਸੱਜੇ ਬਣਾਵਟੀ ਪੈਰ ਨੂੰ ਬਦਲਣ ਦੀ ਪ੍ਰਵਾਨਗੀ ਲੈਣ ਲਈ ਡਾਇਰੈਕਸ਼ਨ ਹੈਲਥ ਸਰਵਿਸਿਜ਼ (ਈ ਐੱਸ ਆਈ) ਕੋਲ 3.49 ਲੱਖ ਰੁਪਏ ਦੀ ਮਨਜ਼ੂਰੀ ਲਈ ਚਾਰ ਮਹੀਨੇ ਤੋਂ ਲੰਬਿਤ ਪਿਆ ਸੀ। ਜਦੋਂ ਇਹ ਮਾਮਲਾ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਵੱਲੋਂ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਰਮਾ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਗਰੀਬ ਔਰਤ ਦੀ ਇਸ ਪੀੜਾ ਨੂੰ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਨੇ ਦਖਲ ਦੇ ਕੇ ਸਬੰਧਤ ਦਫ਼ਤਰ ਤੋਂ ਜਲਦੀ ਹੀ ਅਨੀਤਾ ਦੀ ਫਾਈਲ ਨੂੰ ਪਾਸ ਕਰਵਾ ਦਿੱਤਾ।
ਮੈਂਬਰ ਵਰਮਾ ਨੇ ਕਿਹਾ ਕਿ ਪਹਿਲਾਂ ਮਨਜ਼ੂਰ ਕੀਤੀ ਰਕਮ ਅਤੇ ਨਕਲੀ ਅੰਗ ਲਗਾਉਣ ਦੀ ਅਸਲ ਅਦਾਇਗੀ ਵਿੱਚ ਬਹੁਤ ਅੰਤਰ ਸੀ ਅਤੇ ਇਸ ਤਕਨੀਕੀ ਖ਼ਾਮੀ ਕਾਰਨ ਉਹ ਆਪਣਾ ਨਕਲੀ ਅੰਗ ਨਹੀਂ ਲਗਵਾ ਪਾਈ।
ਹੁਣ, ਪ੍ਰਵਾਨਿਤ ਰਕਮ ਵਿੱਚ ਅੰਸ਼ਿਕ ਸੋਧ ਨਾਲ ਖ਼ਾਮੀਆਂ ਨੂੰ ਦੂਰ ਕਰਨ ਤੋਂ ਬਾਅਦ, ਅਨੀਤਾ ਨੇ ਆਪਣਾ ਨਕਲੀ ਪੈਰ ਲਗਵਾ ਲਿਆ ਹੈ ਅਤੇ ਹੁਣ ਆਰਾਮ ਨਾਲ ਤੁਰਨ ਦੇ ਕਾਬਿਲ ਹੋ ਗਈ ਹੈ।
ਅਨੀਤਾ ਅਤੇ ਉਸਦੇ ਪਤੀ ਨੇ ਕੱਲ੍ਹ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਨਾਲ ਮੁਲਾਕਾਤ ਕਰਕੇ ਉਸਦੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।