ਮਹਾਦੇਵ ਸੱਟੇਬਾਜ਼ੀ ਐਪ ਦਾ ਮਾਲਕ ਦੁਬਈ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ, 11 ਅਕਤੂਬਰ,ਬੋਲੇ ਪੰਜਾਬ ਬਿਊਰੋ :
ਮਹਾਦੇਵ ਸੱਟੇਬਾਜ਼ੀ ਘੁਟਾਲੇ ਦੇ ਪ੍ਰਮੋਟਰ ਸੌਰਭ ਚੰਦਰਾਕਰ ਨੂੰ ਦੁਬਈ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰਿਫਤਾਰੀ ਈਡੀ ਦੀ ਬੇਨਤੀ ‘ਤੇ ਜਾਰੀ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਆਧਾਰ ‘ਤੇ ਕੀਤੀ ਗਈ ਹੈ। ਈਡੀ ਨੇ ਵਿਦੇਸ਼ ਮੰਤਰਾਲੇ (MEA) ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਇਹ ਵੱਡੀ ਕਾਰਵਾਈ ਕੀਤੀ। ਅਧਿਕਾਰੀਆਂ ਮੁਤਾਬਕ, ਯੂਏਈ ਦੇ ਅਧਿਕਾਰੀਆਂ ਨੇ ਕੱਲ੍ਹ ਅਧਿਕਾਰਤ ਤੌਰ ‘ਤੇ ਵਿਦੇਸ਼ ਮੰਤਰਾਲੇ (ਐਮਈਏ) ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੁਬਈ ਵਿੱਚ ਸੌਰਭ ਚੰਦਰਾਕਰ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੱਤੀ।
ਸੌਰਭ ਚੰਦਰਾਕਰ ਨੂੰ ਈਡੀ ਦੀ ਕਾਰਵਾਈ ‘ਤੇ 2023 ‘ਚ ਪੁਲਿਸ ਨੇ ਦੁਬਈ ਤੋਂ ਹਿਰਾਸਤ ‘ਚ ਲਿਆ ਸੀ। ਉਦੋਂ ਤੋਂ ਉਹ ਘਰ ਵਿਚ ਨਜ਼ਰਬੰਦ ਸੀ। ਈਡੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਲਗਭਗ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਅਗਲੇ 10 ਦਿਨਾਂ ਵਿੱਚ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ। ਮਹਾਦੇਵ ਐਪ ਮਾਮਲੇ ‘ਚ ਕੁਝ ਨੇਤਾਵਾਂ ਦੇ ਨਾਂ ਵੀ ਸਾਹਮਣੇ ਆਏ ਸਨ।